ਪੰਨਾ:ਕੇਸਰ ਕਿਆਰੀ.pdf/115

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭. ਜਦ ਮੈਂ ਕੌੜੀਆਂ ਫਿੱਕੀਆਂ ਬੋਲਿਆ,
ਤੂੰ ਨਾ ਸਾਹਮਣੇ ਮੂੰਹ ਕਦੀ ਖੋਲ੍ਹਿਆ,
ਆਇਆ ਗੱਚ ਤੇ ਰੁਕ ਕੇ ਰੋ ਲਿਆ,
ਬੱਧੀ ਪ੍ਰੀਤ ਦੀ ਦੁਖੜੇ ਸਹਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੧੮. ਖੋਟੇ ਰਾਹਾਂ ਤੇ ਜਦ ਮੈਂ ਚੱਲਿਆ,
ਤੇਰਾ ਸੁਹਲ ਕਲੇਜਾ ਸੱਲਿਆ,
ਤੂੰ ਨਾ ਫੇਰ ਵੀ ਪੜਦਾ ਉਥਲਿਆ,
ਭੁੱਲਾਂ ਮੇਰੀਆਂ ਰਹੀਓਂ ਵਿਸਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੧੯. ਤੇਰੇ ਰੂਪ ਨੂੰ ਮੈਂ ਨਾ ਪਛਾਣਿਆ,
ਤੈਨੂੰ ਮਿੱਟੀ ਦੀ ਬਾਜੀ ਜਾਣਿਆ,
ਤੈਨੂੰ ਬਾਂਦੀਆਂ ਵਾਂਗਰ ਮਾਣਿਆ,
ਪਾਈ ਕਦਰ ਨ ਤੇਰੇ ਪਿਆਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੨੦. ਰੱਬੀ ਬਰਕਤਾਂ ਨਾਲ ਸ਼ਿੰਗਾਰੀਏ !
ਠੰਢੀ ਛਾਂ ਸਤਵੰਤੀਏ ਨਾਰੀਏ !
ਬਹਿ ਜਾ ਅੱਖਾਂ 'ਚਿ ਰਾਮ ਸੁਆਰੀਏ !
ਹੋ ਗਈ ਹੱਦ ਤੇਰੇ ਉਪਕਾਰ ਦੀ,
ਨੀ ਮੈਂ ਸਾਰ ਸਮਝ ਲਈ ਨਾਰ ਦੀ

-੮੪-