ਪੰਨਾ:ਕੇਸਰ ਕਿਆਰੀ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੧. ਕਿਸ ਵਾਸਤੇ ?

ਫਿਕਰ ਵਿਚ ਘੁਲ ਘੁਲ ਮਰਾਂ, ਕਿਸ ਵਾਸਤੇ ?
ਡਰਦਿਆਂ ਹਰ ਹਰ ਕਰਾਂ, ਕਿਸ ਵਾਸਤੇ ?

ਜ਼ਿੰਦਗੀ ਦੀ ਜਦ ਹਕੀਕਤ ਖੁਲ ਗਈ,
ਮੌਤ ਤੋਂ ਸਹਿਮਾਂ, ਡਰਾਂ ਕਿਸ ਵਾਸਤੇ ?

ਤਕਵਿਆਂ ਦਾ ਮਹਿਲ ਤਾਂ ਹੈ ਬਣ ਚੁਕਾ,
ਫੋਕੀਆਂ ਨੀਹਾਂ ਧਰਾਂ, ਕਿਸ ਵਾਸਤੇ ?

ਕਰਤਾ ਭੀ ਤਾਂ ਬਹਿਰ ਦੀ ਇਕ ਮੌਜ ਹੈ,
ਬਹਿਰ ਦੀ ਤਾਰੀ ਤਰਾਂ, ਕਿਸ ਵਾਸਤੇ ?

ਆ ਗਿਆ ਹਾਂ ਰਾਹ ਤੇ, ਤਦ ਖ਼ੈਰ ਹੈ,
ਪਹੁੰਚਣੇ ਹਿਤ ਘਾਬਰਾਂ, ਕਿਸ ਵਾਸਤੇ ?

ਮੁੱਠ ਮੇਰੀ ਵਿੱਚ ਨੇਂ ਜਦ ਬਿਜਲੀਆਂ,
ਆਲ੍ਹਣੇ ਦਾ ਗ਼ਮ ਕਰਾਂ, ਕਿਸ ਵਾਸਤੇ ?

ਕਰ ਸਕਾਂ ਆਬਾਦ ਜਦ ਦੁਨੀਆਂ ਨਵੀਂ,
ਛੁਟ ਗਈ ਦਾ ਦੁਖ ਜਰਾਂ, ਕਿਸ ਵਾਸਤੇ ?

ਮੈਂ ਤਾਂ ਮੁਹਕਮ ਵਾਅਦਿਆਂ ਵਿਚ ਮਸਤ ਹਾਂ,
ਵਸਲ ਹਿਤ ਹੌਕੇ ਭਰਾਂ, ਕਿਸ ਵਾਸਤੇ ?

ਬੀ ਤਾਂ *ਹਾਸਿਲ* ਵਿਚ ਹੈ ਅਗਲੇ ਖ਼ਾਬ ਦਾ,
ਫਿਰ ਨਵੇਂ ਸੁਪਨੇ ਘੜਾਂ, ਕਿਸ ਵਾਸਤੇ ?

ਸੱਧਰਾਂ ਜਦ ਜੀਉਂਦੀਆਂ ਨੇ ਮੇਰੀਆਂ,
ਹਸਰਤਾਂ ਲੈ ਲੈ ਮਰਾਂ, ਕਿਸ ਵਾਸਤੇ ?

ਵੱਸਣੋਂ ਜੇ ਵਰਜਦੇ ਹੋ ਦੋਸਤੋ !
ਹੈ ਏ ਦੁਨੀਆਂ ਦੀ ਸਰਾਂ, ਕਿਸ ਵਾਸਤੇ ?

-੮੯-