ਪੰਨਾ:ਕੇਸਰ ਕਿਆਰੀ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੨. ਜ਼ਰਾ ਖਲੋ ਜਾ.

ਲਟ ਲਟ ਕਰਦੇ ਅਰਸ਼ੀ ਤਾਰੇ !
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।
ਭੁਲਦਿਆਂ ਨੂੰ ਰਾਹ ਪਾਵਣ ਹਾਰੇ !
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

੧. ਨਾ ਕਰ ਕਾਹਲ, ਇਕਲ ਦੇ ਸਾਥੀ !
ਨਾਲ ਤੇਰੇ ਜੀ ਪਰਚ ਰਿਹਾ ਸੀ,
ਰਾਤ ਨਿਕਲ ਗਈ, ਪਲ ਹਨ ਬਾਕੀ,
ਲਗੀ ਖੜੀ ਹੈ ਨਾਉ ਕਿਨਾਰੇ,
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

੨. ਤ੍ਰੇਲ ਛਮਾ ਛਮ ਬਰਸ ਚੁਕੀ ਹੈ,
ਬਨਰਾਈ ਨ੍ਹਾ ਧੋ ਬੈਠੀ ਹੈ,
ਜਾਗ ਕਲੀ ਨੂੰ ਔਣ ਲਗੀ ਹੈ,
ਖਾ ਖਾ ਸੀਤਲ ਪੌਣ ਹੁਲਾਰੇ,
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

੩. ਭਰ ਕੇ ਨੀਂਦ ਸੌਂ ਚੁਕਾ ਪੰਛੀ,
ਵਾਟ ਤਕ ਰਿਹਾ ਹੈ ਊਸ਼ਾ ਦੀ,
ਕਰਨ ਲਗਾ ਹੈ ਸ਼ੁਰੂ ਹੁਣੇ ਹੀ,
ਸ਼ੁਕਰਾਨੇ ਦੇ ਗੀਤ ਪਿਆਰੇ,
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

-੯੦-