ਪੰਨਾ:ਕੇਸਰ ਕਿਆਰੀ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੩. ਤੇਰਾ ਕੋਈ ਨਹੀਂ.

੧. ਜਦ ਖ਼ਾਬ ਸੁਨਹਿਰੀ ਲੈ ਲੈ ਕੇ,
ਬਾਹਰ ਵਲ ਧਿਆਨ ਦੁੜਾਇਆ ਮੈਂ,
ਕੋਈ ਸੰਗੀ ਸਾਥੀ ਭਾਲਣ ਨੂੰ,
ਦੁਨੀਆਂ ਦੇ ਪਿੜ ਵਿਚ ਆਇਆ ਮੈਂ,
ਅੰਦਰ ਦੀ ਤੜਪ ਮਿਟਾਣ ਲਈ,
ਦਿਲ ਫੋਲ ਫੋਲ ਦਿਖਲਾਇਆ ਮੈਂ,
ਪਰ ਹਰ ਪਾਸਿਓਂ ਆਵਾਜ਼ ਮਿਲੀ-
ਤੂੰ ਜਗ ਵਿਚ ਕੱਲਮਕੱਲਾ ਹੈਂ ।

੨. ਘਬਰਾ ਕੇ ਏਸ ਇਕਲ ਤੋਂ ਮੈਂ,
ਸਦਵਾਇਆ ਮਿਤਰਾਂ ਯਾਰਾਂ ਨੂੰ ।
ਇੱਜ਼ਤ ਦੇ ਭਾਈਵਾਲਾਂ ਨੂੰ,
ਕਰਵਾਇਆ ਯਾਦ ਪਿਆਰਾਂ ਨੂੰ,
ਸਖਣੀ ਥਾਂ ਦਿਲ ਦੀ ਭਰਨ ਲਈ
ਖੜਕਾਇਆ ਗੁਝੀਆਂ ਤਾਰਾਂ ਨੂੰ,
ਪਰ ਇਕ ਇਕ ਤਰਬ ਪੁਕਾਰ ਉਠੀ-
ਤੂੰ ਜਗ ਵਿਚ ਕੱਲਮਕੱਲਾ ਹੈਂ ।

-੯੨-