ਪੰਨਾ:ਕੇਸਰ ਕਿਆਰੀ.pdf/124

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਹੋ ਡਾਵਾਂਡੋਲ ਪਰਾਇਆਂ ਤੋਂ,
ਅਪਣਾ ਪਰਵਾਰ ਸਦਾਇਆ ਮੈਂ,
ਔਲਾਦ ਦੁਆਲੇ ਜੋੜ ਲਈ,
ਤੀਵੀਂ ਨੂੰ ਪਾਸ ਬਹਾਇਆ ਮੈਂ,
ਮੰਗਵਾ ਕੇ ਭੈਣਾਂ ਭਾਈਆਂ ਨੂੰ,
ਸੀਨੇ ਦਾ ਸੁੰਞ ਵਿਖਾਇਆ ਮੈਂ,
ਸਭ ਦਿਲ ਦੇ ਅੰਦਰੋਂ ਕਹਿਣ ਲਗੇ-
ਤੂੰ ਜਗ ਵਿਚ ਕੱਲਮਕੱਲਾ ਹੈਂ ।

੪. ਅਪਣੇ ਬੇਗਾਨੇ ਪਰਖ ਪਰਖ,
ਜੰਗਲ ਵਲ ਕੀਤੀ ਧਾਈ ਮੈਂ,
ਕੱਲਿਆਂ ਬਹਿ ਪੋਥੀ ਕੁਦਰਤ ਦੀ,
ਫੜ ਵਰਕ ਵਰਕ ਉਲਟਾਈ ਮੈਂ,
ਜੰਗਲ ਪਰਬਤ ਤੇ ਨਦੀਆਂ ਨੂੰ
ਅਪਣੀ ਬੇਬਸੀ ਸੁਣਾਈ ਮੈਂ,
ਸਭ ਥਾਓਂ ਗੁਪਤ ਅਵਾਜ਼ ਮਿਲੀ-
ਤੂੰ ਜਗ ਵਿਚ ਕੱਲਮਕੱਲਾ ਹੈਂ ।

੫. ਆਸਾਂ ਦਾ ਲੱਕ ਤੁੜਾ ਓੜਕ
ਰਬ ਦੇ ਦਰਵਾਜ਼ੇ ਆਇਆ ਮੈਂ,
ਦੱਸ ਤੋਤਾਚਸ਼ਮੀ ਦੁਨੀਆਂ ਦੀ,
ਦਿਲ ਛੇਕੋ ਛੇਕ ਦਿਖਾਇਆ ਮੈਂ,
ਆਵਾਜ਼ ਮਿਲੀ, ਤੇਰੇ ਹੀ ਲਈ ਤਾਂ
ਤੈਨੂੰ ਇੰਞ ਬਣਾਇਆ ਮੈਂ,
ਤੂੰ ਅਪਣਾ ਆਪ ਬਣਾਣ ਲਈ
ਹੀ ਜਗ ਵਿਚ ਕੱਲਮਕੱਲਾ ਹੈਂ ।

-੯੩-