ਪੰਨਾ:ਕੇਸਰ ਕਿਆਰੀ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੭. ਪੇਂਡੂ ਜੀਵਨ.

ਪਠਾਨਕੋਟ ਦੇ ਲਾਗੇ "ਸ਼ਾਹਪੁਰ ਕੰਢੀ" ਨਾਮ ਦਾ ਕਸਬਾ ਰਾਵੀ ਦੇ
ਕਿਨਾਰੇ ਉੱਚੇ ਟਿੱਲੇ ਤੇ ਵਸਦਾ ਹੈ ।ਏਥੇ ਜੰਮੂ, ਚੰਬਾ ਤੇ ਅੰਗ੍ਰੇਜ਼ੀ ਰਾਜ
ਦੀਆਂ ਹੱਦਾਂ ਰਲਦੀਆਂ ਹਨ । ਇਸ ਤੋਂ ਚਾਰ ਮੀਲ ਉਰੇ ਮਾਧੋਪੁਰ
ਹੈਡ ਹੈ, ਜਿਥੋਂ ਰਾਵੀ ਵਿਚੋਂ ਦੋ ਵਡੀਆਂ ਨਹਿਰਾਂ ਨਿਕਲਦੀਆਂ ਹਨ
ਤੇ ਬਾਕੀ ਦਾ ਪਾਣੀ ਆਪਣੇ ਕੁਦਰਤੀ ਰਾਹ ਤੇ ਤੁਰਿਆ ਜਾਂਦਾ ਹੈ ।
ਇਸ ਕਵਿਤਾ ਵਿਚ ਸ਼ਾਹਪੁਰ ਦੀ ਸੀਨਰੀ ਭੀ ਸ਼ਾਮਲ ਹੈ ।

੧. ਪਰਬਤ ਦੀਆਂ ਭੂਲਭੁਲਾਈਆਂ ਤੋਂ,
ਰਾਵੀ ਨੇ ਜਾਨ ਛੁਡਾਈ ਹੈ,
ਕੰਢੀ ਦੇ ਖੁਲ੍ਹੇ ਮਦਾਨਾਂ ਵਿਚ,
ਲੇਟਣ ਲਈ ਦੇਹ ਪਸਰਾਈ ਹੈ ।
ਆਸੀਂ ਪਾਸੀਂ ਹਰਿਆਉਲ ਨੇ,
ਜੰਗਲ ਵਿਚ ਮੰਗਲ ਲਾਇਆ ਹੈ,
ਫਸਲਾਂ ਤੇ ਵੱਖਰ ਵਾੜੀ ਨੇ
ਕੰਢੀ ਦਾ ਕੁਰਬ ਵਧਾਇਆ ਹੈ ।
ਇਕ ਸ਼ਾਹਜਹਾਨੀ ਕੋਟ ਜਿਹੇ ਦਾ,
ਖੰਡਰ ਖੜਾ ਕਿਨਾਰੇ ਤੇ,
ਟਿਕਦੇ ਨੇਂ ਕਦੀ ਸ਼ਿਕਾਰੀ ਆ,
ਜੀਉਂਦਾ ਹੈ ਇਸੇ ਸਹਾਰੇ ਤੇ ।
ਇਕ ਪਾਸੇ ਪੈਰ ਹਿਮਾਲਾ ਦੇ,
ਇਕ ਪਾਸੇ ਸਿਰ ਡੂੰਘਾਈ ਦਾ,
ਇਕ ਬੋਹੜ ਤਲੇ ਸਿਰ ਜੁੜਦਾ ਹੈ,
ਉਤਰਾਈ ਨਾਲ ਚੜ੍ਹਾਈ ਦਾ ।

-੧੦੦-