ਪੰਨਾ:ਕੇਸਰ ਕਿਆਰੀ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨. ਇਸ ਸਦਾ ਸੁਹਾਈ ਧਰਤੀ ਦੇ
ਟਿੱਲੇ ਤੇ ਕੁਦਰਤ ਵਸਦੀ ਹੈ,
ਕਚਿਆਂ ਕੁਲਿਆਂ ਵਿਚ ਜੀਵਨ-ਰੌ,
ਘੁੰਡਾਂ ਦੇ ਉਹਲੇ ਹਸਦੀ ਹੈ ।
ਭੋਲੇ ਤੇ ਭਰਵੇਂ ਚਿਹਰਿਆਂ ਨੂੰ,
ਰਬ ਵਿਹਲਿਆਂ ਬਹਿ ਬਹਿ ਘੜਦਾ ਹੈ,
ਕੰਗਾਲੀ ਪੜਦੇ ਪਾਂਦੀ ਹੈ,
ਪਰ ਫੁਟ ਫੁਟ ਹੁਸਨ ਉਘੜਦਾ ਹੈ ।
ਜੋਬਨ ਦੀ ਹਿੱਕ ਉਭਰਦੀ ਤਕ,
ਰਸ-ਭਰੇ ਨੈਣ ਮੁਸਕਾਂਦੇ ਨੇਂ,
ਕੋਈ ਲਹਿਰ ਉਗਲਦੀ ਮੋਤੀ ਹੈ,
ਪਰ ਸਿੱਪ ਸੰਭਾਲੀ ਜਾਂਦੇ ਨੇਂ ।
ਲਕ ਲਚਕਾਂ ਖਾ ਖਾ ਦਸਦਾ ਹੈ,
ਪਾਣੀ ਢੋਂਦੀਆਂ ਮੁਟਿਆਰਾਂ ਦਾ,
ਇਹ ਖੇੜਾ ਜੰਗਲੀ ਫੁੱਲਾਂ ਦਾ,
ਮੁਹਤਾਜ ਨਹੀਂ ਸ਼ਿੰਗਾਰਾਂ ਦਾ ।

੩. ਸਾਉਣ ਮਾਂਹ ਨ੍ਹਾ ਧੋ ਬੈਠਾ ਹੈ,
ਸਬਜ਼ੇ ਨੇ ਵੇਸ ਵਟਾਇਆ ਹੈ,
ਚਰ੍ਹੀਆਂ ਮੱਕੀਆਂ ਨੂੰ ਬੂਰ ਪਿਆ,
ਘਾਹ ਫੁਟ ਫੁਟ ਬਾਹਰ ਆਇਆ ਹੈ ।
ਚਰ ਚੁਗ ਕੇ ਪੇਟ ਭਰੇ ਪਸੂਆਂ,
ਮਤਵਾਲੇ ਹੋ ਉਂਘਲਾਂਦੇ ਨੇਂ,
ਵਾਗੀ ਮੁੰਡੇ, ਬੋਹੜਾਂ ਦੀ ਛਾਂ-
ਹੇਠਾਂ ਲੈ ਆਣ ਬਹਾਂਦੇ ਨੇਂ ।

-੧੦੧-