ਪੰਨਾ:ਕੇਸਰ ਕਿਆਰੀ.pdf/134

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਸਾਈਆਂ ! ਇਸ ਸੁਹਣੇ ਜੀਵਨ ਨੂੰ,
ਤੂੰ ਮੈਥੋਂ ਕਾਹਨੂੰ ਖੋਹ ਲੀਤਾ ?
ਜਿਸਦੀ ਭੋਲੀ ਨਿਰਛਲਤਾ ਨੇ,
ਅਜ ਭੀ ਮੇਰਾ ਮਨ ਮੋਹ ਲੀਤਾ ।
ਸਾਦੀ ਜਿਹੀ ਮੂਰਤ, ਮਿੱਟੀ ਦੀ-
ਲਿਬੜੀ ਹੋਈ ਬਾਹਰੋਂ ਲਗਦੀ ਹੈ,
ਇਸ ਭਸਮ ਤਲੇ, ਪਰ ਜੀਵਨ ਦੀ-
ਚੰਗਿਆੜੀ ਕੋਈ ਮਘਦੀ ਹੈ ।
ਰਬ ਨੇ ਏਹ ਰੂਹਾਂ ਘੜ ਘੜ ਕੇ,
ਕੁਦਰਤ ਦੀ ਗੋਦੇ ਪਾਈਆਂ ਨੇਂ,
ਆਜ਼ਾਦ ਹਵਾ ਨੇ, ਬੇਫ਼ਿਕਰੀ ਦੀ-
ਲੋਰੀ ਦੇ ਪਰਚਾਈਆਂ ਨੇਂ ।
ਕੁਝ ਨਾ ਹੁੰਦਿਆਂ ਭੀ ਸਭ ਕੁਝ ਹੈ,
ਜੀ ਠੰਢਾ, ਚਿਹਰਾ ਹਸਦਾ ਹੈ,
ਬੇਦਾਗ਼ ਦਿਲਾਂ ਦੇ ਮੰਦਿਰ ਵਿਚ,
ਧੰਨੇ ਦਾ ਠਾਕੁਰ ਵਸਦਾ ਹੈ ।

-੧੦੩-