ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੮. ਮੇਰਾ ਭੀ ਯਾਰ ਹੁੰਦਾ.

(ਗ਼ਜ਼ਲ)

ਦੁਨੀਆਂ ਤੇ ਕੋਈ ਸਾਈਆਂ ! ਮੇਰਾ ਭੀ ਯਾਰ ਹੁੰਦਾ,
ਮੇਰਾ ਭੀ ਜਿਊਂਦਿਆਂ ਵਿਚ, ਕੁਝ ਦਿਨ ਸ਼ੁਮਾਰ ਹੁੰਦਾ ।

ਨਿਰਛਲ, ਨਿਰੋਲ, ਨਿਰਮਲ, ਖ਼ੁਦਗ਼ਰਜ਼ੀਆਂ ਤੋਂ ਲਾਂਭੇ,
ਦਿਖਲਾਵਿਆਂ ਤੋਂ ਖ਼ਾਲੀ, ਸਚਮੁਚ ਦਾ ਪਿਆਰ ਹੁੰਦਾ ।

ਮੈਨੂੰ ਪਛਾਣਦਾ ਉਹ, ਮੈਂ ਓਸ ਨੂੰ ਸਮਝਦਾ,
ਸੁਣੀਆਂ ਸੁਣਾਈਆਂ ਦੇ ਸਿਰ ਤੇ ਨ ਭਾਰ ਹੁੰਦਾ ।

ਐਬਾਂ ਸਮੇਤ ਮੈਨੂੰ ਅਪਣਾ ਕੇ ਗਲ ਲਗਾਂਦਾ,
ਮੇਰੀਆਂ ਖ਼ੁਨਾਮੀਆਂ ਨੂੰ ਕੱਜਣ ਨੂੰ ਤਿਆਰ ਹੁੰਦਾ ।

ਜਿਸ ਸਿਦਕ ਦੇ ਸਹਾਰੇ, ਠਿਲ੍ਹਦਾ ਇਹ ਪ੍ਰੇਮ-ਬੇੜਾ,
ਓਵੇਂ ਹੀ ਰਹਿ ਕੇ ਸਾਬਤ, ਲਹਿਰਾਂ ਤੋਂ ਪਾਰ ਹੁੰਦਾ ।

ਜੇ ਜਾਨ ਮੰਗਦਾ ਉਹ, ਮੈਂ ਹਸ ਕੇ ਪੇਸ਼ ਕਰਦਾ,
ਉਸ ਦੀ ਖ਼ੁਸ਼ੀ ਦੀ ਖ਼ਾਤਿਰ ਸਭ ਕੁਝ ਨਿਸਾਰ ਹੁੰਦਾ ।

ਉਹ ਮੇਰੀ ਸ਼ਾਨ ਹੁੰਦਾ, ਮੈਂ ਉਸ ਦੀ ਸ਼ਾਨ ਹੁੰਦਾ,
ਉਹ ਰੋਮ ਰੋਮ ਹੁੰਦਾ, ਮੈਂ ਤਾਰ ਤਾਰ ਹੁੰਦਾ ।

ਇਸ ਜੋੜ ਨੂੰ ਖ਼ੁਦਾ ਭੀ ਆ ਕੇ ਨ ਤੋੜ ਸਕਦਾ,
ਰੋਸਾ ਅਤੇ ਮਨੇਵਾ ਨਾ ਬਾਰ ਬਾਰ ਹੁੰਦਾ ।

-੧੦੪-