ਪੰਨਾ:ਕੇਸਰ ਕਿਆਰੀ.pdf/147

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੫. ਆ ਬਹਿ ਜਾ.

(ਕਾਫ਼ੀ-ਕੱਵਾਲੀ)

ਆ ਬਹਿ ਜਾ, ਹੁਣ ਅਟਕਾ ਕੀ ਏ ?
ਕਰ ਖੁਲ ਕੇ ਗੱਲ, ਹਯਾ ਕੀ ਏ ? ਟੇਕ

੧. ਪਾ ਤ੍ਰੇਲ ਨ ਉਠਦਿਆਂ ਚਾਵਾਂ ਤੇ,
ਸੁਟ ਲੂਣ ਨ ਅੱਲਿਆਂ ਘਾਵਾਂ ਤੇ,
ਲੁਕ ਲੁਕ ਕੇ ਲੋਹੜੇ ਮਾਰਨ ਦੀ,
ਤੂੰ ਸਿਖ ਲਈ ਨਵੀਂ ਅਦਾ ਕੀ ਏ ?

੨. ਇਹ ਦਿਲ ਤੇ ਦੌਲਤ ਰੱਬ ਦੀ ਏ,
ਏਥੇ ਲੁਕ ਛਿਪ ਮੂਲ ਨ ਫਬਦੀ ਏ,
ਬਸ ਕਰ ਇਸ ਪਰਦੇਦਾਰੀ ਨੂੰ-
ਚਿਲਮਨ ਦੇ ਪਾਰ ਵਿਖਾ, ਕੀ ਏ ?

੩. ਤੈਨੂੰ ਸਹੁੰ ਈ ਨਰਮ ਕਲਾਈਆਂ ਦੀ,
ਗੰਢ ਖੋਲ ਇਸ਼ਕ ਦੀਆਂ ਫਾਹੀਆਂ ਦੀ,
ਪਈ ਕੀਕਰ ਕੰਧ ਜੁਦਾਈਆਂ ਦੀ ?
ਕੁਝ ਮਤਲਬ ਭੀ ਸਮਝਾ, ਕੀ ਏ ?

੪. ਅਸਾਂ ਅਲਫ਼ੀ ਨਵੀਂ ਰੰਗਾ ਲਈ ਏ,
ਇਕ ਦੁਨੀਆਂ ਹੋਰ ਵਸਾ ਲਈ ਏ,
ਤੇਰੇ ਦਰ ਤੇ ਧੂਣੀ ਪਾ ਲਈ ਏ,
ਹੁਣ ਰਹਿ ਗਿਆ ਸੰਗ ਸੰਗਾ ਕੀ ਏ ?

੫. ਉਡ ਜਾਣਾ ਦਿਲ ਹੁਣ ਟਲਦਾ ਨਹੀਂ,
ਕੋਈ ਜਾਦੂ ਟੂਣਾ ਚਲਦਾ ਨਹੀਂ,
ਨਹੀਂ ਤਾਬ ਕਰਾਰ ਮਦਾਰਾਂ ਦੀ,
ਤੇਰੇ ਤੋਂ ਜਾਨ ਲੁਕਾ ਕੀ ਏ ?

-੧੧੬-