ਪੰਨਾ:ਕੇਸਰ ਕਿਆਰੀ.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕੇ । ਅਜੇ ਕਲ ਦੀ ਗਲ ਹੈ, ਕਿ ਸਿਕੰਦਰ ਆਜ਼ਮ ਵਰਗਾ ਮਹਾ ਬਲੀ ਚਕ੍ਰਵਰਤੀ, ਮੱਧ ਏਸ਼ੀਆ ਨੂੰ ਲਤਾੜਦਾ ਇਸੇ ਪੰਜਾਬ ਵਿਚ ਆ ਧਮਕਿਆ, ਪਰ ਜਿਨ੍ਹੀਂ ਪੈਰੀਂ ਆਇਆ ਸੀ, ਉਨ੍ਹੀਂ ਪੈਰੀਂ ਪਰਤ ਗਿਆ । ਇਸ ਦਾ ਪ੍ਰਤੱਖ ਕਾਰਣ ਇਹੋ ਹੋ ਸਕਦਾ ਹੈ, ਕਿ ਉਸ ਨੂੰ ਪੰਜਾਬ ਦੀ ਕਲਚਰ ਦੇ ਸਾਹਮਣੇ ਆਪਣੀ ਤਹਿਜ਼ੀਬ ਦੇ ਪੈਰ ਜਮਾਉਣ ਲਈ ਕੋਈ ਮੈਦਾਨ ਨਜ਼ਰ ਨਾ ਆਇਆ । ਤਿੰਨ ਹਜ਼ਾਰ ਵਰਹੇ ਦੀਆਂ ਦੱਬਾਂ ਦਰੇੜਾਂ ਖਾ ਕੇ, ਭਾਵੇਂ ਪੰਜਾਬ ਦਾ ਸਿੱਕਾ ਘਸਮੈਲਾ ਹੋ ਗਿਆ ਹੈ, ਪਰ ਕਸਵੱਟੀ ਉੱਤੇ ਲਾਇਆਂ ਅਜੇ ਭੀ ਇਸ ਦੀ ਦਰ ਸੌ ਟਚ ਦੀ ਹੀ ਕਾਇਮ ਹੈ, ਅਤੇ ਮੇਰਾ ਹੁਣ ਭੀ ਇਹੋ ਵਿਸ਼ਵਾਸ ਹੈ, ਕਿ ਜਿਸ ਵੇਲੇ ਭੀ ਪੰਜਾਬੀ ਦੀ ਹਿੱਕ ਉੱਤੋਂ ਪਰਾਧੀਨਤਾ ਦਾ ਪੱਥਰ ਚੁੱਕਿਆ ਗਿਆ, ਇਸ ਦੀਆਂ ਨਾੜਾਂ ਵਿਚ ਦੁਨੀਆਂ ਦੀ ਕਾਇਆਂ ਪਲਟਾਣ ਦਾ ਲਹੂ ਖੌਲ ਪਏਗਾ, ਅਤੇ ਇਹ ਕੋਈ ਬੜੀ ਗਲ ਨਹੀਂ, ਕਿ ਮੈਂ ਆਪਣੇ ਇਨ੍ਹਾਂ ਸੁਪਨਿਆਂ ਨੂੰ ਸਾਮਰਤਖ ਹੁੰਦਾ ਵੇਖ ਕੇ ਹੀ ਅੱਖਾਂ ਮੀਟਾਂ ।

੨.

ਹਰੇਕ ਦੇਸ਼ ਦੇ ਉਤਾਰ ਚੜ੍ਹਾਉ ਵਿੱਚ ਉਸ ਦੀ ਜੀਵਨ-ਨਈਆ, ਉਸ ਦਾ ਆਪਣਾ ਚਾਲ ਚਲਨ ਹੁੰਦਾ ਹੈ। ਇਸ ਚਲਨ ਨੂੰ ਉਭਾਰਨ ਅਤੇ ਸ਼ਾਨਦਾਰ ਭਵਿੱਸ਼ ਵਲ ਤੋਰਨ ਦਾ ਇੱਕੋ ਇੱਕ ਸਾਧਨ ਉਸ ਦੀ ਆਪਣੀ ਬੋਲੀ ਹੈ । ਪੰਜਾਬ ਦਾ ਇਤਿਹਾਸ ਇਸ ਦੇ ਆਪਣੇ ਪੁਰਾਣੇ ਇਤਿਹਾਸ ਦੀ ਹੀ ਇਕ ਲੜੀ ਹੈ ਅਤੇ ਇਸ ਦੀ ਬੋਲੀ ਭੀ ਪੁਰਾਣੀ ਬੋਲੀ ਦੇ ਹੀ ਵਟ ਵਟਾਂਦਰਿਆਂ ਦਾ ਇਕ ਰੂਪ ਹੈ । ਭਾਵੇਂ ਇਸ ਦੇ ਰੂਪ ਰੂਪਾਂਤਰ ਕਿੰਨੇ ਭੀ ਬਣ ਚੁਕੇ ਹੋਣ, ਪਰ ਉਹ ਪੀਡੀ ਤਾਰ, ਜੋ ਵੇਦਕ ਕਾਲ ਤੋਂ ਤੁਰੀ ਆ ਰਹੀ ਹੈ, ਹੁਣ ਭੀ