ਪੰਨਾ:ਕੇਸਰ ਕਿਆਰੀ.pdf/153

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੯. ਕਿਉਂ ?

(ਕਾਫ਼ੀ)

ਫਸ ਕੇ ਖ਼ਿਆਲੀ ਗੋਰਖਧੰਦੀਂ,
ਫਾਹੀਆਂ ਗਲ ਵਿਚ ਪਾਨਾ ਏਂ ਕਿਉਂ ?
ਖੁਲ੍ਹੀ ਸੜਕ ਜਰਨੈਲੀ ਹੁੰਦਿਆਂ,
ਪਗਡੰਡੀਆਂ ਵਲ ਜਾਨਾ ਏਂ ਕਿਉਂ ?

੧. ਇਕ ਬੂਹੇ ਜੇ ਬਹਿ ਜਾਏਂ ਡਟ ਕੇ,
ਸੁਰਤ ਤੇਰੀ ਕਿਉਂ ਥਾਂ ਥਾਂ ਭਟਕੇ,
ਦੇਖ ਪਰਾਈਆਂ ਗੰਢ ਗੁਥਲੀਆਂ,
ਜੀ ਅਪਣਾ ਤਰਸਾਨਾ ਏਂ ਕਿਉਂ ?

੨. ਦੁਨੀਆਂ ਨਾਲ ਨ ਰੁਸ ਰੁਸ ਬਹੁ ਤੂੰ,
ਲੀਹਾਂ ਨਾਲ ਨ ਉਲਝਿਆ ਰਹੁ ਤੂੰ,
ਰੱਬ ਦੀਆਂ ਚਸ਼ਮਾਂ ਦੇ ਵਿਚ ਵੱਸ ਕੇ,
ਅੱਖੀਆਂ ਪਿਆ ਚੁਰਾਨਾ ਏਂ ਕਿਉਂ ?

੩. ਸਚਿਆਈ ਦਾ ਪੱਲਾ ਫੜ ਕੇ,
ਬੈਠਾ ਏਂ ਮੂੰਹ ਤੇ ਜੰਦਰਾ ਜੜ ਕੇ,
ਤਕ ਕੇ ਪਿਆ ਹਨੇਰ ਚੁਫੇਰੇ,
ਚਮਕਣ ਤੋਂ ਘਬਰਾਨਾ ਏਂ ਕਿਉਂ ?

੪. ਹਿੰਮਤ ਤੇਰੀ ਨਦੀਆਂ ਮੋੜੇ,
ਅਕਲ ਤੇਰੀ ਤਕਦੀਰਾਂ ਜੋੜੇ,
ਸਾਰੇ ਜਗ ਦੀ ਜ਼ੀਨਤ ਹੋ ਕੇ,
ਅਪਣਾ ਆਪ ਲੁਕਾਨਾ ਏਂ ਕਿਉਂ ?

-੧੨੨-