ਪੰਨਾ:ਕੇਸਰ ਕਿਆਰੀ.pdf/155

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੦. ਗਿਲੇ ਗੁਜ਼ਾਰਸ਼ਾਂ.

(ਗ਼ਜ਼ਲ)

ਕਿਉਂ ਜੀ ! ਸਾਡਾ ਸਬਰ ਕਦ ਤਕ-ਆਜ਼ਮਾਈ ਜਾਓਗੇ ?
ਖ਼ਸਤਾ ਦਿਲ ਨੂੰ ਠੋਕਰਾਂ ਕਿੰਨੀਆਂ ਕੁ ਲਾਈ ਜਾਓਗੇ ?

ਐਡੇ ਚੰਗੇ ਹੋ ਕੇ, ਇਹ ਬੇਤਰਸੀਆਂ ਨਹੀਂ ਫਬਦੀਆਂ,
ਮਾੜਿਆਂ ਦਾ, ਕਿੰਨਾ ਚਿਰ, ਚੇਤਾ ਭੁਲਾਈ ਜਾਓਗੇ ?

ਵੇਂਹਦਿਆਂ ਵਾਟਾਂ ਨੂੰ, ਹੁਣ ਤੇ ਨੀਝ ਭੀ ਪਥਰਾ ਗਈ,
ਲੰਘਦੇ ਲੰਘਦੇ, ਇਕ ਨਿਗਹ, ਏਧਰ ਭੀ ਪਾਈ ਜਾਓਗੇ ?

ਸੱਧਰਾਂ ਨੂੰ ਸਿੰਜਦਿਆਂ, ਪਾਣੀ ਸਰਾਂ ਦਾ ਸੁੱਕ ਗਿਆ,
ਮਿਹਰ ਦਾ ਮੀਂਹ, ਖ਼ੁਸ਼ਕ ਵਾੜੀ ਤੇ ਵਰ੍ਹਾਈ ਜਾਓਗੇ ?

ਮੰਨ ਲੀਤਾ, ਏਧਰੋਂ ਹੋਈਆਂ ਨੇਂ ਬੜੀਆਂ ਖ਼ਾਮੀਆਂ,
ਪਰ ਤੁਸੀਂ ਭੀ, ਅਪਣੀਆਂ ਸਿਫ਼ਤਾਂ ਲੁਕਾਈ ਜਾਓਗੇ ?

ਭੁੱਲਾਂ ਤਾਂ ਅਣਗਿਣਤ ਨੇ, ਪਰ ਜਾਣ ਕੇ ਨਹੀਂ ਕੀਤੀਆਂ,
ਬੇਵਸੇ ਦਿਲ ਨੂੰ, ਕਿਵੇਂ ਬੁਰਿਆਂ ਬਣਾਈ ਜਾਓਗੇ ?

ਬੇਖ਼ੁਦੀ ਵਿਚ ਕੀ ਪਤਾ, ਕੀ ਖ਼ੁਨਾਮੀ ਹੋ ਗਈ,
ਪਿਆਰ ਦਾ ਭੀ, ਕੀ ਤੁਸੀਂ ਗ਼ੁੱਸਾ ਮਨਾਈ ਜਾਓਗੇ ?

-੧੨੪-