ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੨. ਮਤਵਾਲਾ ਜੋਗੀ.

(ਗੀਤ ਕੱਵਾਲੀ)

੧. ਕੁੜੀਓ ਨੀ ! ਮਤਵਾਲਾ ਜੋਗੀ,
ਰੱਤਿਆਂ ਨੈਣਾਂ ਵਾਲਾ ਜੋਗੀ,
ਸੇਲੀਆਂ ਮੁੰਦਰਾਂ ਵਾਲਾ ਜੋਗੀ,
ਖੇੜੀਂ ਆ ਗਿਆ ਲੱਗੇ,
ਕੁੜੇ ! ਮਤਵਾਲਾ ਜੋਗੀ ।

੨. ਸੁਣਾਂ ਜਦੋਂ ਦਾ ਰੌਲਾ ਗੌਲਾ,
ਫਿਰਦਾ ਏ ਤ੍ਰਿੰਞਣੀਂ ਔਲਾ ਮੌਲਾ,
ਵੰਝਲੀ ਵਾਲੇ ਦਾ ਹੀ ਝੌਲਾ,
ਫਿਰਦਾ ਏ ਅੱਖੀਆਂ ਅੱਗੇ,
ਕੁੜੇ ! ਮਤਵਾਲਾ ਜੋਗੀ ।

੩. ਕਰਦਾ ਫਿਰਦਾ ਏ ਛਾਲੇ ਤਾਲੇ,
ਧੜਕੰਦੜਾ ਦਿਲ ਲਖ ਗਿਆ ਚਾਲੇ,
ਓਹੋ ਏ ਜਿਸ ਨੇ ਨੈਣ ਮੇਰੇ ਸਨ-
ਪਲੰਘੇ ਬੈਠਿਆਂ ਠੱਗੇ,
ਕੁੜੇ ! ਮਤਵਾਲਾ ਜੋਗੀ ।

੪. ਇਸ਼ਕ ਨੂੰ ਕਿਉਂ ਹੁਣ ਫਿਰੇ ਲੁਕੌਂਦਾ ?
ਪੜਦਾ ਕਿਉਂ ਨਹੀਂ ਪਰੇ ਹਟੌਂਦਾ ?
ਏਹੋ ਸੂ ਤਤੜੀ ਹੀਰ ਦਾ ਵੇਹੜਾ,
ਜੋਤ ਜਿੱਥੇ ਉਹਦੀ ਜੱਗੇ,
ਕੁੜੇ ! ਮਤਵਾਲਾ ਜੋਗੀ ।

-੧੨੬-