ਪੰਨਾ:ਕੇਸਰ ਕਿਆਰੀ.pdf/161

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੫. ਜੀਵਨ-ਪੰਧ.

ਕਮਰ ਕਸ ਪਾਂਧੀ ਓ ਬੇਗ਼ਮ ਨਗਰ ਦੇ !
ਖੜਾ ਹੋ ਜਾ, ਪਿਆਸੇ ਪ੍ਰੇਮ-ਸਰ ਦੇ !
ਸਫ਼ਰ ਹੈ ਦੂਰ ਦਾ, ਤੱਯਾਰ ਹੋ ਜਾ,
ਨਿਕਲ ਗਿਆ ਕਾਫਲਾ ਹੁਸ਼ਯਾਰ ਹੋ ਜਾ ।
ਚੜ੍ਹਾਈ ਹੈ ਬੜੀ ਦੁਸ਼ਵਾਰ ਤੇਰੀ,
ਹੈ ਮੰਜ਼ਿਲ ਤਾਰਿਆਂ ਤੋਂ ਭੀ ਉਚੇਰੀ ।
ਨ ਕੋਈ ਭਾਰ ਮੋਢੇ ਤੇ ਉਠਾਵੀਂ,
ਚਮਨ ਦੀ ਮਹਿਕ ਤਕ ਨਾ ਨਾਲ ਚਾਵੀਂ ।
ਸੁਆਰਥ ਹੋਇਗਾ ਜੇ ਨਾਲ ਤੇਰੇ,
ਉਠਾਣੇ ਪੈਰ ਕਰ ਦੇਗਾ ਉਖੇਰੇ ।
ਮੁਕਾ ਦੇ ਦੁਖ ਸੁਖਾਂ ਦੀ ਚਾਹਨਾ ਨੂੰ,
ਚੁਕਾ ਦੇ ਕਰਮ-ਫਲ ਦੀਆਂ ਕਾਮਨਾਂ ਨੂੰ ।
ਹਵਾੜਾਂ ਵਾਂਗ ਹੌਲਾ ਹੋ ਕੇ ਚੜ੍ਹ ਜਾ,
ਮਿਟਾ ਘੇਰੇ ਨੂੰ, ਨੁਕਤੇ ਵਤ ਸੁਕੜ ਜਾ ।
ਪਰ ਇਸ ਨੁਕਤੇ ਦੀ ਹਸਤੀ ਨਾ ਮਿਟਾਵੀਂ,
ਕਿਸੇ ਮੁਲ ਤੋਂ ਭੀ ਇਸ ਨੂੰ ਨਾ ਗੁਆਵੀਂ ।
ਜੇ ਤੂੰ ਹੋਇਓ ਤਾਂ ਹੈ ਸੰਸਾਰ ਤੇਰਾ,
ਹੈ ਤੇਰਾ ਮਰਤਬਾ ਸਭ ਤੋਂ ਉਚੇਰਾ ।
ਤੂੰ ਜਦ ਤਕ ਜੁਜ਼ ਹੈਂ ਕੁਲ ਦਾ ਹੈਂ ਨਜ਼ਾਰਾ,
ਹੈ ਕਤਰੇ ਵਿਚ ਸਮੁੰਦਰ ਕੈਦ ਸਾਰਾ ।
ਦਲੀਜਾਂ ਵਿਚ ਖੜਾ ਰਖ ਤਾਂਘ ਜਾਰੀ,
ਇਹੋ ਹੈ ਬੰਦਗੀ ਦੀ ਪਾਸਦਾਰੀ ।

-੧੩੦-