ਪੰਨਾ:ਕੇਸਰ ਕਿਆਰੀ.pdf/163

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੭. ਪ੍ਰੀਤਮ ਨੂੰ.

ਪ੍ਰੀਤਮ ! ਤੈਨੂੰ ਹੈ ਯਾਦ ?
ਕਿ ਤੈਨੂੰ ਪਿਆਰ ਕਰਾਂ ਮੈਂ,
ਅਪਣਾ ਸਭ ਕੁਝ
ਉਸ ਪਿਆਰ ਦੇ ਸਿਰੋਂ ਨਿਸਾਰ ਕਰਾਂ ਮੈਂ ।
ਉਹ ਪਿਆਰ,
ਜੁ ਸਦਾ ਉਡੀਕੇ ਤੇਰਾ ਪ੍ਰੇਮ-ਦਿਲਾਸਾ,
ਡੁਲ੍ਹ ਡੁਲ੍ਹ ਪੈਂਦੇ ਨੈਣ-ਅਮ੍ਰਿਤ
ਦਾ ਜੋ ਰਹੇ ਪਿਆਸਾ ।
ਉਹ ਪਿਆਰ ਕਿ ਜਿਸ ਦੀ ਤਾਰ
ਰੂਹਾਂ ਨੂੰ ਰਖੇ ਪਰੋਈ,
ਦੋ ਦਿਲਾਂ ਵਿਚਾਲੇ
ਰਹਿਣ ਨ ਦੇ ਜੋ ਪਰਦਾ ਕੋਈ ।
ਉਹ ਪਿਆਰ ਕਿ ਜਿਦ੍ਹਾ ਸਰੂਰ
ਰਖੇ ਵਿਸਮਾਦ ਬਣਾਈ,
ਜਿਸ ਨੂੰ ਮਿਲਾਪ ਦੀ ਲਟਕ
ਜੁਗਾਂ ਤਕ ਰਖੇ ਜਿਵਾਈ ।
ਉਹ ਪਿਆਰ, ਜੁ
ਰਬ ਦੇ ਘੜੇ ਹੁਸਨ ਤੇ ਸਦਕੇ ਜਾਵੇ,
ਜ਼ਾਹਰ ਬਾਤਨ ਦੇ ਜਲਵੇ
ਤਕ ਤਕ ਜਾਨ ਘੁਮਾਵੇ ।

-੧੩੨-