ਪੰਨਾ:ਕੇਸਰ ਕਿਆਰੀ.pdf/166

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਕਦੇ ਉਠਨੀ ਆਂ ਹੰਭਲਾ ਮਾਰ ਕੇ,
ਘਰ ਵੇਖਾਂ ਕੂਚ ਬਹਾਰ ਕੇ ।
ਮੈਨੂੰ ਆਖਣ ਹੂੰਝ ਦੁਆਲਿਓਂ,
ਪਰ ਡਰਨੀ ਆਂ ਅਪਣੇ ਪਾਲਿਓਂ ।
ਮੈਂ ਬਾਹਰ ਬਥੇਰਾ ਪੋਚਿਆ,
ਪਰ ਅੰਦਰ ਨਹੀਂ ਖਰੋਚਿਆ ।
ਮੁੜ ਮੁੜ ਹਨ ਡੌਲੇ ਫੜਕਦੇ,
ਮੇਰੇ ਗੀਤ ਕਲੇਜੇ ਰੜਕਦੇ ।

੪. ਚਾ ਮੁੜ ਮੁੜ ਉੱਠੇ ਗਾਣ ਦਾ,
ਕੁਝ ਪਰਖਣ ਤੇ ਪਰਖਾਣ ਦਾ ।
ਮੈਂ ਕਈ ਦਲੀਲਾਂ ਮੇਲੀਆਂ,
ਪਰ ਠੱਠਾ ਕਰਨ ਸਹੇਲੀਆਂ ।
ਸਹੁਰੇ ਨਹੀਂ ਜਾਣਾ ਝੱਲੀਏ ?
ਆ ਲਾਰੀ ਵੇਖਣ ਚੱਲੀਏ ।
ਚਲ ਬੈਠ ਕਿਨਾਰੇ ਸੜਕ ਦੇ,
ਮੇਰੇ ਗੀਤ ਕਲੇਜੇ ਰੜਕਦੇ ।

੫. ਤੂੰ ਯਾਦ ਬੜਾ ਹੈਂ ਆਉਂਦਾ,
ਜੀ ਮਿਲਣ ਲਈ ਨਿਤ ਚਾਹੁੰਦਾ ।
ਪਰ ਘਰ ਨਹੀਂ ਛੱਡਣਾ ਜਾਣ ਕੇ,
ਤੂੰ ਆ, ਤੇ ਲੈ ਜਾ ਆਣ ਕੇ ।
ਤੈਨੂੰ ਸੋਹਣੇ ਗੀਤ ਸੁਣਾਉਸਾਂ,
ਚਾ ਸਾਰੇ ਖੋਲ੍ਹ ਵਿਖਾਉਸਾਂ ।
ਕੀ ਢੋਲ ਨੇਂ ਅੰਦਰ ਖੜਕਦੇ,
ਮੇਰੇ ਗੀਤ ਕਲੇਜੇ ਰੜਕਦੇ ।

-੧੩੫-