ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੮੧. ਪੰਜਾਬੀ.
ਸ਼ਾਵਾ ਉਇ ਪੰਜਾਬੀ ਸ਼ੇਰਾ !
ਜੰਮਣਾ ਹੀ ਜਗ ਵਿਚ ਹੈ ਤੇਰਾ ।
ਧੰਨ ਤੂੰ ਤੇ ਧੰਨ ਤੇਰੀ ਮਾਈ,
ਧੰਨ ਹਿੰਮਤ ਤੇ ਧੰਨ ਕਮਾਈ ।
ਕੁਦਰਤ ਹੈ ਅਜ ਤੇਰੇ ਵਲ ਦੀ,
ਤੇਰੇ ਸਿਰ ਤੇ ਦੁਨੀਆਂ ਪਲਦੀ ।
ਮੂੰਹ ਤੇਰੇ ਤੇ ਨੂਰ ਖ਼ੁਦਾ ਦਾ,
ਬਾਂਹ ਤੇਰੀ ਵਿਚ ਜ਼ੋਰ ਬਲਾ ਦਾ ।
ਜੇਠ ਹਾੜ ਦੇ ਵਾ-ਵਰੋਲੇ,
ਸਾਉਣ ਮਾਂਹ ਦੇ ਝੱਖੜ ਝੋਲੇ ।
ਰਾਤ ਹਨੇਰੀ, ਪੋਹ ਦੇ ਪਾਲੇ,
ਹਸ ਹਸ ਕੇ ਤੂੰ ਜੱਫਰ ਜਾਲੇ ।
ਸੌਂਚੀ, ਬੁਗਦਰ, ਛਾਲਾਂ, ਵੀਣੀ,
ਹਰ ਇਕ ਖੇਡ ਤੇਰੀ ਸਾਹ-ਪੀਣੀ ।
ਹਿੰਮਤ ਤੇਰੀ ਦਾ ਕੀ ਕਹਿਣਾ,
ਬਿਨਾਂ ਖ਼ੁਰਾਕੋਂ ਜੁੱਟਿਆ ਰਹਿਣਾ ।
ਛੋਲੇ ਚੱਬ ਤੂੰ ਕਹੀ ਚਲਾਵੇਂ,
ਛਾਹ ਪੀ ਕੇ ਤੂੰ ਲਹੂ ਵਹਾਵੇਂ ।
ਜਿਸ ਮੁਹਿੱਮ ਦੇ ਸਿਰ ਤੂੰ ਚੜ੍ਹਿਓਂ,
ਸਰ ਕੀਤੇ ਬਿਨ ਘਰ ਨਾ ਵੜਿਓਂ ।
ਜਸ ਹੁੰਦਾ ਏ ਹਰ ਥਾਂ ਤੇਰਾ,
ਸ਼ਾਵਾ ਉਇ ਪੰਜਾਬੀ ਸ਼ੇਰਾ !
-੧੩੯-