ਪੰਨਾ:ਕੇਸਰ ਕਿਆਰੀ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੨. ਚੱਲ ਚੱਲੀਏ ਔਸ ਕਿਨਾਰੇ.

(ਗੀਤ)

੧. ਇਸ ਪਾਸੇ ਦੀ ਮੌਜ ਬੜੀ ਹੈ,
ਪਰ ਤਕ ਤਕ ਕੇ ਭਰ ਗਿਆ ਜੀ ਹੈ-
ਮੁੜ ਮੁੜ ਉਹੋ ਨਜ਼ਾਰੇ,
ਚੱਲ ਚੱਲੀਏ ਔਸ ਕਿਨਾਰੇ ।

੨. ਪਾਰ ਚਲਣ ਵਿਚ ਕਾਹਦਾ ਡਰ ਹੈ ?
ਓਧਰ ਕੋਈ ਬਿਗਾਨਾ ਘਰ ਹੈ ?
ਜਾਂਦੇ ਪਏ ਹਨ ਸਾਰੇ,
ਚੱਲ ਚੱਲੀਏ ਔਸ ਕਿਨਾਰੇ ।

੩. ਖਬਰੇ ਓਧਰ ਕੀ ਲਭਦਾ ਹੈ ?
ਜੋ ਜਾਂਦਾ ਹੈ, ਟਿਕ ਜਾਂਦਾ ਹੈ,
ਪਿਛ੍ਹਾਂ ਨ ਝਾਤੀ ਮਾਰੇ,
ਚੱਲ ਚੱਲੀਏ ਔਸ ਕਿਨਾਰੇ ।

੪. ਨਵੇਂ ਜਗਤ ਦੀਆਂ ਨਵੀਆਂ ਬਾਤਾਂ,
ਖ਼ਬਰੇ ਕੀ ਕੀ ਮਿਲਣ ਸੁਗ਼ਾਤਾਂ,
ਵਿਛੜੇ ਹੋਏ ਪਿਆਰੇ,
ਚੱਲ ਚੱਲੀਏ ਔਸ ਕਿਨਾਰੇ ।

੫. ਭਾਰ ਕਿਸੇ ਤੇ ਮੂਲ ਨ ਪਾਂ ਗੇ,
ਹੌਲੀ ਹੌਲੀ ਤੁਰੇ ਚਲਾਂ ਗੇ,
ਅਪਣੇ ਆਪ ਸਹਾਰੇ,
ਚੱਲ ਚੱਲੀਏ ਔਸ ਕਿਨਾਰੇ ।

੬. ਪਰਲੇ ਪਾਸੇ ਤੁਰ ਫਿਰ ਲਾਂ ਗੇ,
ਦੇਖ ਦਿਖਾ ਕੇ ਮੁੜ ਆ ਜਾਂ ਗੇ,
ਭਲਕੇ ਇਸੇ ਕਿਨਾਰੇ,
ਚੱਲ ਚੱਲੀਏ ਔਸ ਕਿਨਾਰੇ ।

-੧੪੦-