ਪੰਨਾ:ਕੇਸਰ ਕਿਆਰੀ.pdf/172

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੩. ਕੀ ਲੈਣਾ ਈ ਓਧਰ ਜਾ ਕੇ ?.

(ਗੀਤ)

੧. ਮੈਨੂੰ ਤਾਂ ਕੋਈ ਫ਼ਰਕ ਨ ਭਾਸੇ,
ਵੇਖ ਚੁਕੇ ਹਾਂ ਦੋਵੇਂ ਪਾਸੇ,
ਸੌ ਵਾਰੀ ਪਰਤਾ ਕੇ,
ਕੀ ਲੈਣਾ ਈ ਓਧਰ ਜਾ ਕੇ ?

੨. ਇੱਕ ਕਿਨਾਰਿਓਂ ਦੂਆ ਕਿਨਾਰਾ,
ਸਮਝਦੀਆਂ ਹਨ ਪਿਆਰਾ ਪਿਆਰਾ,
ਅੱਖੀਆਂ ਧੋਖਾ ਖਾ ਕੇ,
ਕੀ ਲੈਣਾ ਈ ਓਧਰ ਜਾ ਕੇ ?

੩. ਓਥੇ ਈ ਪਿਛਲੀ ਵਾਰ ਗਏ ਸਾਂ,
ਫੇਰ ਇਧਰ ਹੀ ਆਣ ਰਹੇ ਸਾਂ,
ਰੌਲਿਆਂ ਤੋਂ ਘਬਰਾ ਕੇ,
ਕੀ ਲੈਣਾ ਈ ਓਧਰ ਜਾ ਕੇ ?

੪. ਅਜ਼ਮਾਈਆਂ ਨੂੰ ਕਿਉਂ ਅਜ਼ਮਾਈਏ ?
ਆ ਕੋਈ ਸਜਰੀ ਪੀਂਘ ਚੜ੍ਹਾਈਏ,
ਨਵਾਂ ਹਿੰਡੋਲਾ ਪਾ ਕੇ,
ਕੀ ਲੈਣਾ ਈ ਓਧਰ ਜਾ ਕੇ ?

੫. ਐਥੇ ਈ ਵੱਸੀਏ, ਐਥੇ ਈ ਰਹੀਏ,
ਪਾਰਲਿਆਂ ਨੂੰ ਭੀ ਸਦ ਲਈਏ,
ਸਾਂਝੀ ਰੌਣਕ ਲਾ ਕੇ,
ਕੀ ਲੈਣਾ ਈ ਓਧਰ ਜਾ ਕੇ ?

੬. ਪਾਰ ਗਿਆਂ ਜੋ ਜੋ ਸਨ ਲੱਭੇ,
ਐਥੇ ਈ ਆ ਮਿਲਨੇ ਹਨ ਸੱਭੇ,
ਚੋਲੇ ਹੋਰ ਵਟਾ ਕੇ,
ਕੀ ਲੈਣਾ ਈ ਓਧਰ ਜਾ ਕੇ ?

-੧੪੧-