ਪੰਨਾ:ਕੇਸਰ ਕਿਆਰੀ.pdf/173

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੪. ਤੇਰਾ ਖੋਜ.

(ਗੀਤ)

ਤੂੰ ਨਸ, ਭਜ, ਲੁਕ ਛਿਪ ਬੇਸ਼ਕ ਲੈ,
ਓੜਕ ਤੂੰ ਫੜਿਆ ਜਾਣਾ ਹੈ ।

੧. ਵਲ ਪਾ ਪਾ ਮਗਰ ਭਜਾਈ ਜਾ,
ਜਿੰਨਾ ਜੀ ਕਰੇ ਖਪਾਈ ਜਾ,
ਏਥੇ ਨਹੀਂ, ਅਗਲੇ ਪਿੰਡ ਸਹੀ,
ਓਥੇ ਨਹੀਂ ਓਦੂੰ ਦੂਰ ਕਿਤੇ,
ਕੁਝ ਹੋਰ ਪਰੇ, ਕੁਝ ਹੋਰ ਪਰੇ,
ਤੇਰਾ ਖੁਰਾ ਗੁਆਚਣ ਵਾਲਾ ਨਹੀਂ,
ਅਜ ਨਹੀਂ, ਕਲ, ਪਰਸੋਂ ਚੌਥ ਸਹੀ,
ਭਉਂ ਝਉਂ ਤੂੰ ਕਾਬੂ ਆਣਾ ਹੈ,
ਤੂੰ ਨਸ, ਭਜ, ਲੁਕ ਛਿਪ ਬੇਸ਼ਕ ਲੈ,
ਓੜਕ ਤੂੰ ਫੜਿਆ ਜਾਣਾ ਹੈ ।

੨. ਕੋਈ ਕਹਿੰਦਾ ਏ, ਤੂੰ ਹੁਣ ਲਭਣਾ ਨਹੀਂ,
ਤੇਰੀ ਸ਼ਕਲ ਪਛਾਤੀ ਜਾਣੀ ਨਹੀਂ,
ਬੇਸ਼ਕ ਤੂੰ ਹੋਰ ਗੁਆਚਾ ਰਹੁ,
ਨਿਤ ਨਵੇਂ ਵੇਸ ਬਦਲਾਂਦਾ ਰਹੁ,
ਜੇ ਦਿਨੇ ਨਹੀਂ ਤਾਂ ਰਾਤ ਸਹੀ,
ਜੇ ਸੰਝ ਨਹੀਂ ਪਰਭਾਤ ਸਹੀ,
ਮਿਲ ਜਾਣਾ ਤੇਰਾ ਟਿਕਾਣਾ ਹੈ,
ਤੂੰ ਨਸ, ਭਜ, ਲੁਕ ਛਿਪ ਬੇਸ਼ਕ ਲੈ,
ਓੜਕ ਤੂੰ ਫੜਿਆ ਜਾਣਾ ਹੈ ।

-੧੪੨-