ਪੰਨਾ:ਕੇਸਰ ਕਿਆਰੀ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮. ਜਾਂ ਵਸਤੀ ਵਿਚ ਜੀ ਨਾ ਟਿਕਿਆ,
ਮੈਂ ਅਜ਼ਮਾਇਆ ਵੀਰਾਨੇ ਨੂੰ,
ਸੀਨੇ ਵਿਚ ਜੋਤ ਜਗਾ ਦਿੱਤੀ,
ਇਸ ਬੇ ਸਿਦਕੇ ਪਰਵਾਨੇ ਨੂੰ,
ਜਲਵੇ ਦਿਖਲਾਏ ਤੂਰਾਂ ਦੇ,
ਪਰ ਚੌ ਕਰਕੇ ਨਾ ਬੈਠਾ ਜੀ ।

੯. ਬਾਜ਼ਾਰ ਹੁਸਨ ਦੇ ਮੈਂ ਲਾਏ,
ਜੋਬਨ ਦੇ ਜਾਮ ਚੜ੍ਹਾਏ ਮੈਂ,
ਨਾਗਾਂ ਨੂੰ ਕੀਲਣ ਮੈਂ ਸਿੱਖਿਆ,
ਹਰਨਾਂ ਨੂੰ ਸੰਗਲ ਪਾਏ ਮੈਂ,
ਮੈਂ ਕਾਮਨ ਪਾਏ ਕਲੀਆਂ ਨੂੰ,
ਪਰ ਚੌ ਕਰਕੇ ਨਾ ਬੈਠਾ ਜੀ ।

੧੦. ਦੌਲਤ ਦੇ ਦਾਮ ਖਿਲਾਰੇ ਮੈਂ,
ਮਿਹਨਤ ਦੇ ਮਹਿਲ ਪੁਆਏ ਮੈਂ,
ਪਰਭਾਤ, ਦੁਪਹਿਰ, ਤਿਕਾਲਾਂ ਦੇ,
ਗਹੁ ਨਾਲ ਮਜ਼ੇ ਅਜ਼ਮਾਏ ਮੈਂ,
ਗਰਮੀ ਦੇਖੀ, ਸਰਦੀ ਦੇਖੀ,
ਪਰ ਚੌ ਕਰਕੇ ਨਾ ਬੈਠਾ ਜੀ ।

੧੧. ਕੁਝ ਨਾ ਹੁੰਦਿਆਂ ਭੀ ਹੋ ਜਾਵਣ ਲਈ,
ਸੌ ਸੌ ਸਾਂਗ ਉਤਾਰੇ ਮੈਂ,
ਕਦੀ ਆਹ ਬਣਿਆ, ਕਦੀ ਔਹ ਬਣਿਆ,
ਲੈ ਲੈ ਕੇ ਖੰਭ ਉਧਾਰੇ ਮੈਂ,
ਸਭ ਕੁਝ ਬਣ ਕੇ ਜਦ ਕੁਝ ਨ ਰਿਹਾ,
ਤਦ ਚੌ ਕਰਕੇ ਜਾ ਬੈਠਾ ਜੀ ।

-੧੪੬-