ਸ਼ਹਿਰਾਂ ਵਿਚ ਜਾ ਜੁੜਦਾ ਹੈ, ਪਰ ਪੰਜਾਬ ਦਾ ਅਸਲੀ ਸਮਾਜਿਕ ਜੀਵਨ ਪਿੰਡਾਂ ਵਿਚ ਹੀ ਤੁਰਦਾ ਫਿਰਦਾ ਝਲਕਦਾ ਹੈ। ਮੈਂ ਆਪ ਤਾਂ ਭਾਵੇਂ ਥੋੜਾ ਚਿਰ ਹੀ ਇਸ ਪੇਂਡੂ ਜੀਵਨ ਨੂੰ ਮਾਣਿਆ ਹੈ, ਪਰ ਆਪਣੇ ਵੱਡ ਵਡੇਰਿਆਂ ਪਾਸੋਂ ਸੁਣੇ ਹਾਲਾਤ ਅਜੇ ਭੀ ਭੁੱਲੇ ਨਹੀਂ। ਹੁਣ ਭੀ ਸੌ ਸੌ ਵਰਹੇ ਦੇ ਬਿਰਧਾਂ ਦੀਆਂ ਛਾਤੀਆਂ ਵਿਚ ਆਪਣੀਆਂ ਤੇ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਰਵਾਇਤਾਂ ਮੌਜੂਦ ਹਨ। ਉਸ ਵੇਲੇ ਪੰਜਾਬ ਕਿਸ ਤਰਾਂ ਦੇ ਸੁਹਜਾਂ ਦਾ ਘਰ ਸੀ, ਇਹ ਪੁਰਾਤਨ ਸਾਹਿੱਤ ਤੇ ਪੁਰਾਤਨ ਰਿਵਾਜਾਂ ਤੋਂ ਭੀ ਕਾਫ਼ੀ ਲੱਭਿਆ ਜਾ ਸਕਦਾ ਹੈ। ਉਸ ਸਮੇਂ ਦਾ ਸੁਭਾਉ ਬੜਾ ਮਿੱਠਾ, ਜੀਵਨ ਬੜਾ ਸਾਦਾ, ਲੋਕ ਬੜੇ ਮਿਲਾਪੜੇ, ਹਮਦਰਦ, ਸਾਫ-ਦਿਲ ਤੇ ਆਦਰ ਭਰੇ ਸਨ। ਗ਼ਰੀਬੀ ਅਮੀਰੀ ਤੇ ਹਿੰਦਵਾਣੀ ਤੁਰਕਾਣੀ ਦਾ ਕੋਈ ਨਖੇੜਾ ਨਹੀਂ ਸੀ। ਦੁਖਾਂ ਸੁਖਾਂ ਦੀ ਸਾਂਝ ਵੰਡਾਣ ਲਈ ਸਾਰੇ ਇਕ ਭੂਰਾ ਵਿਛਾ ਕੇ ਬਹਿ ਜਾਂਦੇ ਸਨ, ਇਕ ਦੇ ਘਰ ਕਿਸੇ ਚੀਜ਼ ਦੀ ਥੁੜ ਹੋਣੀ, ਤਾਂ ਨਾਲ ਦੇ ਗੁਆਂਢੀ ਨੇ ਆਪਣੇ ਆਪ ਸੁਟ ਜਾਣਾ। ਇਕ ਦੀ ਧੀ ਭੈਣ ਸਾਰੇ ਨੱਗਰ ਦੀ ਧੀ ਭੈਣ, ਨਕ ਨਮੂਜ ਸਾਂਝਾ, ਤੇ ਵਰਤੋਂ ਵਿਹਾਰ ਇਤਬਾਰ ਭਰਿਆ; ਅੰਦਰ ਵੜ ਕੇ ਲੈ ਜਾਣਾ ਤੇ ਅੰਦਰ ਵੜ ਕੇ ਦੇ ਜਾਣਾ। ਜੇ ਦੋ ਭਾਂਡੇ ਠਹਿਕ ਪੈਣ, ਤਾਂ ਪੰਚਾਇਤ ਨੇ ਵਿਚ ਪੈ ਕੇ ਚੁੱਪ ਕਰਾ ਦੇਣਾ। ਸਰਕਾਰੇ ਦਰਬਾਰੇ ਭੀ ਸਾਰੇ ਨਗਰ ਦੀ ਸਾਂਝੀ ਜ਼ਿੱਮੇਵਾਰੀ। ਪਿੰਡ ਦਾ ਚੌਧਰੀ ਭੀ ਹਕ ਨਿਆਂ ਵਾਲਾ ਤੇ ਸਾਰਿਆਂ ਦੀ ਪਤ ਅਬਰੋ ਦਾ ਭਾਈਵਾਲ; ਉਸਦਾ ਫੈਸਲਾ ਆਖਰੀ ਫੈਸਲਾ ਹੁੰਦਾ ਸੀ। ਜੱਟ ਜ਼ਿਮੀਂਦਾਰ ਸਭ ਰੱਜੇ ਪੁਜੇ ਤੇ ਖ਼ੁਲਕ ਵਾਲੇ; ਬੇਰੋਜ਼ਗਾਰੀ ਦਾ ਨਾਂ ਨਿਸ਼ਾਨ ਭੀ ਨਹੀਂ ਸੀ। ਝੀਉਰ, ਨਾਈ, ਮੋਚੀ, ਤੇਲੀ, ਛੀਂਬਾ, ਜੁਲਾਹ, ਕੁੰਭਿਆਰ, ਲੁਹਾਰ, ਤ੍ਰਖਾਣ, ਧੋਬੀ, ਲਲਾਰੀ, ਚੂਹੜਾ, ਬਰਵਾਲਾ, ਸਭ ਆਪੋ ਆਪਣੇ ਨਸੀਬ ਤੇ ਸ਼ਾਕਰ ਸਨ।
=ਹ=