ਪੰਨਾ:ਕੇਸਰ ਕਿਆਰੀ.pdf/184

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਵਰਤੀ ਸੁੰਞ ਮਸੁੰਞ ਚੁਫੇਰੇ,
ਚਾਨਣ ਨੂੰ ਵਲ ਲਿਆ ਹਨੇਰੇ ।
ਸੁੱਕੇ ਖੁੰਘ ਤੇ ਉੱਲੂ ਹੂਕੇ,
ਵਾ ਤਿੱਖੀ ਤੇ ਬੇਲਾ ਸੂਕੇ ।
ਸਰਕੜਿਆਂ ਦੇ ਪੱਛ ਪਏ ਚੋਂਦੇ,
ਦੱਭ ਦੇ ਸੂਏ, ਪੈਰ ਪਰੋਂਦੇ,
ਭਿਣਖ ਨ ਪਏ, ਨ ਸੋ ਕੋਈ ਦੱਸੇ-
ਪਾਰੋਂ ਆਉਂਦਾ ਰਾਹੀ,
ਕਿੱਥੇ ਲੁਕ ਗਿਆ ਰਾਂਝਣ ਮਾਹੀ !

੪. ਸੁਰਤ ਉਖੜ ਗਈ, ਦਿਸਣੋਂ ਰਹਿ ਗਿਆ,
ਕਿਸਮਤ ਰੁਸ ਪਈ, ਜਿਗਰਾ ਢਹਿ ਗਿਆ,
ਸੁਕ ਗਏ ਸਾਹ, ਅੰਦੇਸ਼ਿਆਂ ਘੇਰੀ,
ਕਿਰਦੀ ਜਾਏ ਸੁਪਨਿਆਂ ਦੀ ਢੇਰੀ,
ਕਾਂਗ ਝਨਾਂ ਦੀ, ਚੜ੍ਹਦੀ ਆਵੇ,
ਨਿਹੁੰ ਭੀ, ਲੈਣ ਲਗਾ (ਏ) ਪਰਤਾਵੇ,
ਕੀ ਗਲ ਸੂ, ਜਿ ਹੁਣੇ ਆ ਬਹੁੜੇ,
ਸੱਚ ਦੀ ਭਰਨ ਗਵਾਹੀ,
ਕਿੱਥੇ ਲੁਕ ਗਿਆ ਰਾਂਝਣ ਮਾਹੀ !

-੧੫੩-