ਪੰਨਾ:ਕੇਸਰ ਕਿਆਰੀ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੦. ਮੈਂ ਤੇਰੀਆਂ ਅੱਖੀਆਂ ਦਾ ਨੂਰ.

(ਕਾਫ਼ੀ)

ਐਡੇ ਪਿਉ ਦਾ ਪੁੱਤਰ ਹੋ ਕੇ,
ਕਿਉਂ ਨ ਚੜ੍ਹਿਆ ਰਹੇ ਸਰੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

੧. ਤੂੰਹੇਂ ਮੇਰਾ ਵਜੂਦ ਬਣਾਇਆ,
ਤੇਰਾ ਈ ਘੱਲਿਆ, ਏਥੇ ਆਇਆ,
ਤੇਰੇ ਈ ਸਿਰ ਤੇ, ਰਾਜ ਕਮਾਇਆ,
ਇਸੇ ਮਾਣ ਤੇ ਹਾਂ ਮਗ਼ਰੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

੨. ਤੂੰ ਪਰਬਤ, ਮੈਂ ਕਿਣਕਾ ਤੇਰਾ,
ਤੈਥੋਂ ਵਖਰਾ ਕੀ ਹੈ ਮੇਰਾ ?
ਮੈਂ ਨਿਕੜਾ, ਤੂੰ ਬਹੁਤ ਵਡੇਰਾ,
ਹਰ ਥਾਂ ਅੰਦਰ ਤੂੰ ਭਰਪੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

੩. ਮੈਂ ਅਸਰਾਰ ਤੇਰੇ ਕੀ ਜਾਣਾਂ ?
ਤੇਰਾ ਈ ਪੇਟਾ, ਤੇਰਾ ਈ ਤਾਣਾ,
ਤੈਨੂੰ ਈ ਸ਼ਰਮਾਂ, ਤੂੰਹੇਂ ਪੁਚਾਣਾ,
ਮਜ਼ਲ ਹੈ ਭਾਵੇਂ ਕਿੰਨੀ ਦੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

੪. ਤੇਰੇ ਹੀ ਹਥ ਨੇਂ ਕੁੰਜੀਆਂ ਜੰਦਰੇ,
ਜ਼ਾਹਰ ਹੋ, ਯਾ ਲੁਕ ਰਹੁ ਅੰਦਰੇ,
ਖ਼ੂਨ ਤੇਰਾ ਜਿਸ ਦਿਨ ਵੀ ਪੰਘਰੇ,
ਪੁਜਣਾ ਏ ਤੇਰੇ ਕੋਲ ਜ਼ਰੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

-੧੫੬-