ਪੰਨਾ:ਕੇਸਰ ਕਿਆਰੀ.pdf/188

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਮੈਂ ਫਿਰਾਂ ਲੱਭਦਾ, ਤੂੰ ਫਿਰੇਂ ਲੁਕਦਾ,
ਲਹੂ ਮੇਰਾ ਹਰ ਦਮ ਰਹੇ ਸੁੱਕਦਾ,
ਇਹ ਮਿਹਣਾ ਤੈਨੂੰ ਨਹੀਂ ਢੁੱਕਦਾ,
ਮੈਨੂੰ ਵੀ ਇਹ ਗਲ ਨਹੀਂ ਮਨਜ਼ੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

੬. ਹੋ ਕੇ ਤੇਰੇ ਹਥ ਦਾ ਘੜਿਆ,
ਜੇ ਮੈਂ, ਗ਼ਲਤੀਆਂ ਵਿਚ ਜਾ ਵੜਿਆ,
ਮੈਂ ਕੱਲਿਆਂ ਨਹੀਂ ਜਾਣਾ ਫੜਿਆ,
ਦੋਵੇਂ ਈ ਹੋਵਾਂਗੇ ਮਸ਼ਹੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

੭. ਜੇ ਮੈਂ ਹੋ ਗਿਆ ਅੰਨ੍ਹਾ ਕਾਣਾ,
ਤੂੰ ਮੈਨੂੰ, ਸੁੱਟ ਤੇ ਨਹੀਂ ਪਾਣਾ,
ਤੈਨੂੰ ਈ, ਪੈ ਜਾਣਾ ਏ ਗਲ ਲਾਣਾ,
ਵੱਡਿਆਂ ਦਾ ਏਹੋ ਦਸਤੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

੮. ਜੇ ਤੂੰ ਰਿਹੋਂ ਤਮਾਸ਼ੇ ਤੱਕਦਾ,
ਆਖਣ ਨੂੰ ਤੇ ਜੀ ਹੈ ਝੱਕਦਾ,
ਪਰ ਮੂੰਹ ਚੰਦਰਾ, ਰਹਿ ਨਹੀਂ ਸੱਕਦਾ,
ਕਦ ਤਕ ਮਚਿਆ ਰਹੂ ਫ਼ਤੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

੯. ਜੇ ਤੂੰ ਸਦਾ ਲੁਕੇ ਹੀ ਰਹਿਣਾ,
ਮੈਂ ਫਿਰ ਵੀ ਮੁੱਕਰ ਨਹੀਂ ਪੈਣਾ,
ਲੜ ਉਡੀਕ ਦਾ, ਛੱਡ ਨਹੀਂ ਬਹਿਣਾ,
ਜਦ ਚਾਹੇਂਗਾ ਕਰੀਂ ਜ਼ਹੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

-੧੫੭-