ਪੰਨਾ:ਕੇਸਰ ਕਿਆਰੀ.pdf/193

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੪. ਖ਼ੁਦਾਯਾ ! ਪਾਏ ਨੀਂ ਕੀ ਕੀ ਪੁਆੜੇ ?

੧. ਜਿਧਰ ਵੇਖੀਏ, ਰਹਿਮਤਾਂ ਦੀ ਝੜੀ ਹੈ,
ਕੋਈ ਨਾ ਕੋਈ ਛੇੜਖਾਨੀ ਖੜੀ ਹੈ,
ਸਿਆਪੇ ਗੀ ਜੜ ਹੈ, ਏ ਦੁਨੀਆਂ ਭੀ ਕੀ ਹੈ,
ਲੜਾਈਆਂ, ਝਮੇਲੇ, ਉਜਾੜੇ, ਪੁਜਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

੨. ਰਿਜ਼ਕ ਦੇ ਅਡੰਬਰ, ਭਰਾਵਾਂ ਦੀ ਦਾਰੀ,
ਉਲਾਦਾਂ ਦੇ ਦੁਖ, ਮੁਲਕ ਦੀ ਜ਼ਿੰਮੇਂਵਾਰੀ,
ਖ਼ੁਦਾ ਦੀ ਇਬਾਦਤ, ਅਗਾਂਹ ਦੀ ਤਿਆਰੀ,
ਜ਼ਰਾ ਜਿੰਨੀ ਜ਼ਿੰਦੜੀ ਤੇ ਐਨੇ ਪਥਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

੩. ਜਵਾਨੀ ਦੀ ਵਹਿਸ਼ਤ, ਖ਼ੁਦੀ ਦੀ ਖ਼ੁਮਾਰੀ,
ਨਵਾਬੀ ਦਾ ਚਾ, ਮੁਫ਼ਤਖ਼ੋਰਾਂ ਦੀ ਯਾਰੀ,
ਅਯਾਸ਼ੀ ਦੀ ਧੁਨ, ਫ਼ੈਸਨਾਂ ਦੀ ਬਿਮਾਰੀ,
ਬੁਰਾ ਹਾਲ ਓੜਕ ਤੇ ਬੌਂਕੇ ਦਿਹਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

੪. ਅਮੀਰਾਂ ਦੇ ਧੱਕੇ, ਮਜੂਰਾਂ ਦੀ ਕਲਕਲ,
ਮੁਥਾਜਾਂ ਦੀ ਦੇ ਦੇ, ਬਖ਼ੀਲਾਂ ਦੀ ਚਲ ਚਲ,
ਕੰਗਾਲੀ ਦਾ ਰੋਣਾ ਤੇ ਕਰਜ਼ੇ ਦੀ ਦਲਦਲ,
ਬਿਕਾਰੀ ਦੇ ਹੌਕੇ, ਗ਼ਰੀਬੀ ਦੇ ਹਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

-੧੬੨-