ਪੰਨਾ:ਕੇਸਰ ਕਿਆਰੀ.pdf/196

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨. ਜਾਗ, ਤਖ਼ਤ ਹਜ਼ਾਰੇ ਦਿਆ ਚਾਨਣਾ ਉਇ !
ਛਡ ਦੇ ਝਾਕ ਹੰਕਾਰਨਾਂ ਭਾਬੀਆਂ ਦੀ,
ਬੇਲੇ ਝੰਗ ਦੇ ਵਿਚ, ਤੇਰੀਆਂ ਕਿਸਮਤਾਂ ਨੇ,
ਕੁੰਜੀ ਸਾਂਭ ਰੱਖੀ ਕਾਮਯਾਬੀਆਂ ਦੀ,
ਹੱਡ ਭੰਨ ਕੇ ਮੱਝੀਆਂ ਚਾਰ ਜੀਵੇਂ,
ਤਾਂਹੀਏਂ ਵੇਖਸੇਂ ਸ਼ਾਨ ਨੱਵਾਬੀਆਂ ਦੀ,
ਤੇਰੀ ਵੰਝਲੀ ਦੇ ਵਿੱਚੋਂ ਗੂੰਜਣੀ ਏ,
ਦੱਬੀ ਹੋਈ ਆਵਾਜ਼ ਪੰਜਾਬੀਆਂ ਦੀ,
ਕਿਸਮਤ ਆਪਣੀ, ਸੋਹਣਿਆਂ ! ਢਾਲ ਆਪੇ,
ਇਉਂ ਨਹੀਂ ਬਹੀ ਦਾ ਢੇਰੀਆਂ ਢਾਹ ਕੇ ਤੇ,
ਤੇਰੇ ਮੱਥੇ ਤੇ ਫਤੇ ਹੈ ਲਿਖੀ ਹੋਈ,
ਹਿੰਮਤ ਵੇਖ ਤੇ ਸਹੀ ਅਜ਼ਮਾ ਕੇ ਤੇ ।

੩. ਉਠ ਬਹੁ ਨਵੀਂ ਬਹਾਰ ਦਿਆ ਲਾਲ ਫੁੱਲਾ !
ਜੀਵਨ ਆਪਣਾ ਜ਼ਰਾ ਮਹਿਕਾ ਮਾਹੀਆ !
ਤੇਰੇ ਖਿੜੇ ਬਾਝੋਂ ਠੰਢੀ ਹੋਵਣੀ ਨਹੀਂ,
ਆਸ ਪਾਸ ਦੀ ਤੱਤੀ ਹਵਾ ਮਾਹੀਆ !
ਤੇਰੇ ਮੂੰਹ ਵਲ ਪਈ ਦੁਨੀਆਂ ਤੱਕਦੀ ਏ,
ਚਿਣਗ ਪਿਆਰ ਦੀ ਦਿਲਾਂ ਵਿਚ ਲਾ ਮਾਹੀਆ !
ਜੇ ਬਹਿਸ਼ਤ ਦੇ ਬਾਗ਼ ਵਿਚ ਪਹੁੰਚਣਾ ਈ,
ਤਾਂ ਇਸ ਬਾਗ਼ ਦੀ ਸ਼ਾਨ ਚਮਕਾ ਮਾਹੀਆ !
ਜਿਹੜੇ ਰਾਂਝਣੇ ਮਸਤ ਨੇਂ ਛੱਤਿਆਂ ਤੇ,
ਓਹ ਨਹੀਂ ਹੀਰ ਲਈ ਕੰਨ ਪੜਵਾ ਸਕਦੇ,
ਜਿਹੜੇ ਸ਼ੇਰ ਨਹੀਂ ਤੜਪਦੇ ਜੰਗਲਾਂ ਨੂੰ,
ਓਹ ਨਹੀਂ ਪਿੰਜਰੇ ਤੋਂ ਬਾਹਰ ਆ ਸਕਦੇ ।

-੧੬੫-