ਪੰਨਾ:ਕੇਸਰ ਕਿਆਰੀ.pdf/207

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


੧੦੩. ਨਾਲੇ ਨੂੰ.

(ਗੀਤ)

ਬਰਫ਼ੀ ਟਿੱਲਿਓਂ ਲੱਥਿਆ ਨਾਲਿਆ !
ਉਤਰੀਂ ਧੀਰਜ ਨਾਲ,
ਕਾਹਲੀ ਅੱਗੇ ਟੋਏ ਕਹਿੰਦੇ,
ਰਖ ਮਸਤਾਨੀ ਚਾਲ ।

੧. ਬੜੇ ਕਠਿਨ ਹਨ ਰਸਤੇ ਤੇਰੇ,
ਘੁਲਨੇ ਹਨ ਤੂੰ ਘੋਲ ਬੁਤੇਰੇ,
ਪੈਰ ਮਲਕੜੇ ਧਰਦਾ ਜਾਈਂ,
ਮਿਲੇ ਜਿਧਰ ਦੀ ਢਾਲ,
ਨਾਲਿਆ !
ਉਤਰੀਂ ਧੀਰਜ ਨਾਲ ।

੨. ਨਿਰਮਲ ਸੀਤਲ ਜਲ ਦੇ ਪਿਆਸੇ,
ਜੁੜ ਰਹੇ ਤੇਰੇ ਆਸੇ ਪਾਸੇ,
ਦੂਰ ਦੁਰਾਡੀਆਂ ਫੇਰ ਸਹੀ,
ਕਰ ਨੇੜੇ ਦੀ ਸੰਭਾਲ,
ਨਾਲਿਆ !
ਉਤਰੀਂ ਧੀਰਜ ਨਾਲ ।

੩. ਜਦ ਤਕ ਹਈ ਨਰੋਆ ਪਾਣੀ,
ਮਿੱਠਤ ਤੇਰੀ ਨਿਭਦੀ ਏ ਜਾਣੀ,
ਗੰਧਲੇ ਪਾਣੀਆਂ ਦੇ ਵਿਚ ਰਲ ਕੇ,
ਆਪਾ ਲਈਂ ਨ ਗਾਲ,
ਨਾਲਿਆ !
ਉਤਰੀਂ ਧੀਰਜ ਨਾਲ ।

-੧੭੬-