ਪੰਨਾ:ਕੇਸਰ ਕਿਆਰੀ.pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੫. ਅਰਦਾਸ.

੧. ਨੂਰ ਦੇ ਭੰਡਾਰੇ !
ਸੁਖ-ਸ਼ਾਨਤੀ ਦੇ ਦਵਾਰੇ, ਪ੍ਰਭੋ !
ਮਹਿਕ ਵਾਂਗ, ਸਾਰੇ ਦਿਲਾਂ ਅੰਦਰ ਸਮਾਏ ਹੋਏ !
ਨੇਕੀਆਂ ਦੇ ਦਾਤੇ !
ਅਸਾਂ ਸਾਰਿਆਂ ਦੇ ਸਾਂਝੇ ਪਿਤਾ !
ਕਾਉਂ ਅਤੇ ਹੰਸ, ਦੋਵੇਂ ਤੇਰੇ ਨੇਂ ਬਣਾਏ ਹੋਏ ।
ਪਿਆਰ ਤੇਰਾ ਰਾਉ ਅਤੇ ਰੰਕ ਨਾਲ ਇੱਕੋ ਜਿਹਾ,
ਊਚ ਨੀਚ ਵਾਸਤੇ ਤੂੰ ਡੌਲੇ ਨੇਂ ਫੈਲਾਏ ਹੋਏ ।
ਢੱਕ ਲਵੇਂ, ਬਖ਼ਸ਼ ਵਾਲੇ ਹੱਥਾਂ ਹੇਠ, ਸਾਰਿਆਂ ਨੂੰ,
ਠਾਰ ਦੇਵੇਂ ਸੀਨੇ, ਤੂੰ ਕੁਰਾਹਾਂ ਵੱਲ ਆਏ ਹੋਏ ।

੨. ਪਿਆਰੇ ਪਿਤਾ !
ਸਾਰੇ ਤੇਰੇ ਬੱਚਿਆਂ ਦੇ ਦਿਲਾਂ ਉੱਤੇ,
ਬਰਕਤਾਂ ਦੀ ਬਾਰਸ਼ ਤੇ ਪ੍ਰੇਮ ਦਾ ਉਤਾਰਾ ਹੋਵੇ,
ਸ਼ਾਨਤੀ ਦਾ ਰਾਜ ਹੋਵੇ,
ਸੀਤਲ ਸਮਾਜ ਹੋਵੇ,
ਨੇਕੀ ਤੇ ਪਿਆਰ ਦਾ ਜਹਾਨ ਤੇ ਪਸਾਰਾ ਹੋਵੇ,
ਚਾਨਣੇ ਹੋ ਜਾਣ ਦਿਲ,
ਜਾਗ ਉਠੇ ਭਾਈ ਬੰਦੀ,
ਦੇ ਰਿਹਾ ਉਛਾਲੇ, ਮੇਲ ਗੇਲ ਦਾ ਫੁਹਾਰਾ ਹੋਵੇ,
ਬੰਦੇ ਅਸੀਂ ਤੇਰੇ,
ਆਗਯਾਕਾਰ ਬਾਲ ਬਣੇ ਰਹੀਏ,
ਸਾਰਿਆਂ ਨੂੰ-
ਤੇਰੇ ਹੀ ਦੁਆਰੇ ਦਾ ਸਹਾਰਾ ਹੋਵੇ ।

-੧੭੮-