ਪੰਨਾ:ਕੇਸਰ ਕਿਆਰੀ.pdf/213

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੮. ਵਿਧਵਾ ਦੇ ਹਟਕੋਰੇ.

੧. ਰੱਬਾ ਵੇ ਰੱਬਾ ! ਤੂੰ ਸਭਨਾਂ ਦਾ ਰਾਖਾ ਏਂ,
ਭੁੱਖੇ ਤੇ ਨੰਗੇ ਦਾ ਦਾਤਾ ਅਖਵਾਨਾ ਏਂ,
ਪਾਪੀ ਤੇ ਪੁੰਨੀ ਤੇ ਮੇਹਰਾਂ ਬਰਸਾਨਾ ਏਂ,
ਵਿਧਵਾ ਦੀ ਵਾਰੀ ਤੂੰ ਕਿੱਥੇ ਸੌਂ ਜਾਨਾ ਏਂ ?
ਘੁੱਟੇ ਹੋਏ ਦਿਲ ਦੇ ਅਰਮਾਨਾਂ ਵਲ ਤਕਦਾ ਨਹੀਂ,
ਟੁੱਟੇ ਹੋਏ ਫੁੱਲਾਂ ਨੂੰ ਪਾਣੀ ਨਾ ਪਾਨਾ ਏਂ,
ਭਰਿਆਂ ਹੀ ਥਾਵਾਂ ਨੂੰ ਭਰਨਾ ਤੂੰ ਪੜ੍ਹਿਆ ਏਂ ?
ਸੱਖਣਿਆਂ ਕੋਲੋਂ ਕਿਉਂ ਕੰਨੀ ਕਤਰਾਨਾ ਏਂ ?

੨. ਚੇਤਾ ਈ ? ਜਿੱਦਿਨ ਇਹ ਚੰਨਣ ਦੀ ਗੇਲੀ ਤੂੰ,
ਸੁੱਭਰ ਤੇ ਚੋਲੇ ਪਾ, ਚਾੜ੍ਹੀ ਸੀ ਡੋਲੇ ਤੇ ।
ਪੇਕੇ ਤੇ ਸਹੁਰੇ ਘਰ ਆਦਰ ਹੀ ਆਦਰ ਸੀ,
ਸਦਕੇ ਕੋਈ ਜਾਂਦਾ ਸੀ ਚਿਹਰੇ ਇਸ ਭੋਲੇ ਤੇ,
ਪੁਛਦਾ ਨਹੀਂ ਕੋਈ ਹੁਣ ਟੁੱਟੀ ਹੋਈ ਟਾਹਣੀ ਨੂੰ,
ਭਖਦੀ ਨਹੀਂ ਲਾਲੀ ਅਜ ਬੁਝੇ ਹੋਏ ਕੋਲੇ ਤੇ,
ਸੱਕਾ ਸੈਂ ਤੂੰ ਭੀ ਤਾਂ ਵਸਦੇ ਦਰਵਾਜ਼ੇ ਦਾ,
ਪੈਂਦੀ ਨਹੀਂ ਝਾਤੀ ਹੁਣ ਢੱਠੇ ਹੋਏ ਖੋਲੇ ਤੇ ।

-੧੮੨-