ਪੰਨਾ:ਕੇਸਰ ਕਿਆਰੀ.pdf/214

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਉੱਜੜ ਗਈ ਵਾੜੀ ਦਾ ਵਾਲੀ ਕੋਈ ਬਣਦਾ ਨਹੀਂ,
ਸਾਥੀ ਇਸ ਦੁਖੀਆ ਦੇ, ਝੋਰੇ ਤੇ ਹਾਵੇ ਨੇਂ,
ਦਿਉਰਾਂ ਤੇ ਜੇਠਾਂ ਨੇਂ, ਛਡ ਦਿੱਤੇ ਦਾਵੇ ਨੇਂ,
ਪੇਕੇ ਘਰ ਵੱਲੋਂ ਭੀ ਫੋਕੇ ਪਰਚਾਵੇ ਨੇਂ,
ਲਮਕਦੀਆਂ ਲੀਰਾਂ ਨੇਂ, ਖੁੱਥਾ ਇਹ ਝਾਟਾ ਏ,
ਫ਼ਿਕਰਾਂ ਤੇ ਚਿੰਤਾਂ ਦੇ ਹੁੰਦੇ ਪਏ ਧਾਵੇ ਨੇਂ,
ਚੰਦਰਿਆਂ ਲੇਖਾਂ ਵੀ ਲੀਤੇ ਪਰਤਾਵੇ ਨੇਂ,
ਜਿੱਧਰ ਮੈਂ ਤਕਨੀ ਆਂ, ਭਖਦੇ ਪਏ ਆਵੇ ਨੇਂ ।

੪. ਰੀਝਾਂ ਤੇ ਚਾਵਾਂ ਨੂੰ ਚੂਲੀ ਤਾਂ ਪਾਈ ਸੀ,
ਭੁੱਖੇ ਇਸ ਟੋਏ ਨੂੰ ਕੇਹੜੇ ਖੂਹ ਪਾਵਾਂ ਮੈਂ ?
ਚਰਖ਼ਾ ਤੇ ਚਕੀ ਵੀ ਚੁੱਕੇ ਗਏ ਦੁਨੀਆਂ ਤੋਂ,
ਠੂਠਾ ਫੜ ਮੰਗਣ ਤੋਂ ਆਪੂੰ ਸ਼ਰਮਾਵਾਂ ਮੈਂ,
ਚੌਧਰੀਆਂ ਅੱਗੇ ਭੀ ਹਾੜੇ ਮੈਂ ਪਾ ਹਾਰੀ,
ਹੁਣ ਕਿਸ ਦੇ ਬੂਹੇ ਤੇ ਪਿੱਟਣ ਨੂੰ ਜਾਵਾਂ ਮੈਂ ।
ਹੱਸਣ ਤੇ ਪਹਿਨਣ, ਸਭ ਕਾਸੇ ਤੋਂ ਵੰਜੀ ਗਈ,
ਟੁੱਕਰ ਦੇ ਹੱਥੋਂ ਵੀ ਮਹੁਰਾ ਹੁਣ ਖਾਵਾਂ ਮੈਂ ?

੫. ਭੋਲੇ, ਵਡਿਆਈਆਂ ਦੇ ਭੁੱਖੇ ਖੜਪੈਂਚਾਂ ਨੂੰ,
ਸੁੱਝੇ ਨਾ ਵਾ ਕਿਹੜੇ ਪਾਸੇ ਦੀ ਵਹਿੰਦੀ ਏ,
ਕਾਂ, ਕੁੱਤੇ, ਕੀੜੇ ਤਾਂ ਪਲਦੇ ਨੇਂ ਏਨ੍ਹਾਂ ਤੇ,
ਆਦਮ ਦੀ ਬੱਚੀ ਹਟਕੋਰੇ ਪਈ ਲੈਂਦੀ ਏ,
ਜਲਸੇ, ਕਰਤੂਤਾਂ, ਤੇ ਮਹਿਫ਼ਲ ਦੀ ਮਸਤੀ ਵਿਚ,
ਪੈਰਾਂ ਵਿਚ ਬਲਦੀ ਦੀ ਸੋਝੀ ਨਾ ਪੈਂਦੀ ਏ,
ਦੁਨੀਆਂ ਦੀ ਰੋਟੀ ਦੇ ਜ਼ਾਮਨ ਇਸ ਭਾਰਤ ਦੀ,
ਛਾਤੀ ਤੇ ਆਵੀ ਤਾਂ ਧੁਖਦੀ ਹੀ ਰਹਿੰਦੀ ਏ ।

-੧੮੩-