੧. ਅਸਰਾਰੀ ਢੋਲਾ (ਗੀਤ, ਕਾਲੰਗੜਾ)
ਤੇਰੇ ਭੇਦਾਂ ਤੋਂ ਸਦਕੇ ਵਾਰੀਆਂ, ਤੇਰੇ ਭੇਦਾਂ…
੧. ਲੇਖਾ ਲੱਗੇ ਕੀ ਤੇਰੀ ਵਡਿਆਈ ਦਾ,
ਤਕ ਤਕ ਸ਼ਾਨ ਨੂੰ ਝੁਕਦਿਆਂ ਜਾਈਦਾ,
ਖਬਰੇ ਕੀ ਕੀ ਤੂੰ ਖੇਡਾਂ ਖਿਲਾਰੀਆਂ, ਤੇਰੇ ਭੇਦਾਂ…
੨. ਖਬਰੇ ਕਦੋਂ ਦਾ ਰਾਜ਼ ਪੁਰਾਣਾ ਏ,
ਖਬਰੇ ਕਦੋਂ ਤੂੰ ਸਮਝਿਆ ਜਾਣਾ ਏ,
ਕਿੰਨੇ ਚਿਰ ਦੀਆਂ ਨੇ ਇੰਤਜ਼ਾਰੀਆਂ, ਤੇਰੇ ਭੇਦਾਂ…
੩. ਕਿੱਦਿਨ ਖੁਲ੍ਹੀ ਸਮਾਧ ਸੀ ਸੁੰਨ ਦੀ,
ਕਿੱਥੇ ਹੋਈ ਇਸ਼ਾਰਤ ਕੁੱਨ ਦੀ'
ਕੀਕਰ ਖੁਲ੍ਹੀਆਂ ਹੁਸਨ ਪਿਟਾਰੀਆਂ, ਤੇਰੇ ਭੇਦਾਂ…
੪. ਡੁਬ ਗਈ ਸੋਚ, ਦਨਾਈਆਂ ਹਾਰੀਆਂ,
ਹਫ ਕੇ ਸੁੱਟ ਪਾਈ ਕਲਮ ਲਿਖਾਰੀਆਂ,
ਗੱਲਾਂ ਵੇਖ ਕੇ ਤੇਰੀਆਂ ਨਿਆਰੀਆਂ, ਤੇਰੇ ਭੇਦਾਂ…
੫. ਝੋਈਆਂ ਲੈ ਪਰਲੈ ਦੀਆਂ ਚੱੱਕੀਆਂ,
ਅਜੇ ਤੀਕ ਖਲੋ ਨਹੀਂ ਸੱਕੀਆਂ,
ਮੁੱਦਤ ਹੋਈ ਵਟਾਂਦਿਆਂ ਵਾਰੀਆਂ, ਤੇਰੇ ਭੇਦਾਂ…
੬. ਕਿਧਰੇ ਨੈਣਾਂ ਦੇ ਜਾਦੂ ਪਾਏ ਨੀਂ,
ਕਿਧਰੇ ਘੁੰਡ ਤੇ ਘੁੰਡ ਚੜ੍ਹਾਏ ਨੀਂ,
ਵਾਹਵਾ ਖੁੱਲ੍ਹਾਂ ਤੇ ਪਰਦੇਦਾਰੀਆਂ, ਤੇਰੇ ਭੇਦਾਂ…
੭. ਜਦੋਂ ਲੱਕ ਤਲਾਸ਼ ਦਾ ਟੁੱਟਿਆ,
ਤੇਰੀ ਮੌਜ ਤੇ ਸਭ ਕੁਝ ਸੁੱਟਿਆ,
ਤੇਰੇ ਹੱਥ ਨੇ ਗੱਲਾਂ ਸਾਰੀਆਂ, ਤੇਰੇ ਭੇਦਾਂ…
-੧-