ਪੰਨਾ:ਕੇਸਰ ਕਿਆਰੀ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


੩. ਹਸਰਤਾਂ

(ਗਜ਼ਲ)
ਕਹੇਂ ਤਾਂ ਦਿਲ ਦੀਆਂ ਬੇਸੁਰਤ ਤਰਬਾਂ ਨੂੰ ਜਗਾ ਦੇਵਾਂ ।
ਹਸਰਤਾਂ ਲੁਕਵੀਆਂ ਦੇ ਢੇਰ ਤੋਂ ਪਰਦਾ ਹਟਾ ਦੇਵਾਂ ।

ਜਿਨ੍ਹਾਂ ਮੂੰਹਬੰਦ ਕਲੀਆਂ ਵਿੱਚ ਵਸਦੀ ਹੈ ਮੇਰੀ ਦੁਨੀਆਂ,
ਉਨ੍ਹਾਂ ਦਾ ਮੂੰਹ ਖੁਲ੍ਹਾ ਦੇਵਾਂ, ਉਮੰਗਾਂ ਸਭ ਸੁਣਾ ਦੇਵਾਂ ।

ਏ ਜੀ ਕਰਦਾ ਹੈ ਤੇਰੀ ਪ੍ਰੀਤ-ਵੀਣਾ ਨੂੰ ਰਹਾਂ ਸੁਣਦਾ,
ਤੇ ਉਸ ਦੇ ਲੋਰ ਅੰਦਰ ਦੀਨ ਦੁਨੀਆਂ ਨੂੰ ਭੁਲਾ ਦੇਵਾਂ ।

ਵਲੇਵੇਂ ਬੇ ਥਵ੍ਹੇ ਜੋ ਪਾ ਰਖੇ ਤੇਰੀ ਮੁਹੱਬਤ ਨੇ,
ਉਨ੍ਹਾਂ ਵਿਚ ਸਾਰੀਆਂ ਆਸਾਂ ਉਮੈਦਾਂ ਨੂੰ ਲੁਕਾ ਦੇਵਾਂ ।

ਜੋ ਤੇਰੇ ਸ਼ਰਬਤੀ ਨੈਣਾਂ ਚੋਂ ਨੈਂ ਮਸਤੀ ਦੀ ਵਹਿੰਦੀ ਏ,
ਉਦ੍ਹੇ ਅੰਦਰ ਗ਼ਮਾਂ ਫ਼ਿਕਰਾਂ ਨੂੰ ਚੁਣ ਚੁਣ ਕੇ ਰੁੜ੍ਹਾ ਦੇਵਾਂ ।

ਅਤਰ ਦੀਆਂ ਭਿੰਨੀਆਂ ਮੁਸ਼ਕੀ ਲਿਟਾਂ ਦੀ ਰਾਤ ਲੰਮੀ ਵਿਚ,
ਭਟਕਦੇ ਦਿਲ ਦੀਆਂ ਰੀਝਾਂ ਨੂੰ ਥਾਪੜ ਕੇ ਸੁਆ ਦੇਵਾਂ ।

ਜੇ ਇੰਦਰ ਦੇ ਸਿੰਘਾਸਣ ਤੇ ਹਵਾ ਰੁਮਕੇ ਸੁਅਰਗਾਂ ਦੀ,
ਤੇਰੇ ਭੋਲੇ ਜਿਹੇ ਮੁਖੜੇ ਦੇ ਹਾਸੇ ਤੋਂ ਘੁਮਾ ਦੇਵਾਂ ।

ਕਸਮ ਹੈ ਤੇਰੇ ਨਿਰਛਲ ਪ੍ਰੇਮ ਦੀ, ਏਹੋ ਤਮੱਨਾ ਹੈ,
ਕਿ ਆਪਣੀ ਸ਼ਾਨ ਸ਼ੌਕਤ ਤੇਰੇ ਪੈਰਾਂ ਤੇ ਟਿਕਾ ਦੇਵਾਂ ।

-੪-