ਪੰਨਾ:ਕੇਸਰ ਕਿਆਰੀ.pdf/36

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


੪. ਕਿਵੇਂ ਰਿਝਾਵਾਂ ?

(ਗੀਤ)

ਦਿਲਬਰ ! ਦਸ ਛਡ, ਤੈਨੂੰ ਕਿਹੜੇ ਵਸਬੀਂ ਰਿਝਾਵਾਂ ?
ਪਾਵਾਂ ਕਿਸ ਦੀ ਵਕੀਲੀ ? ਕੀ ਕੀ ਭੇਟ ਲਿਆਵਾਂ ?

੧. ਤੇਰੀਆਂ ਤਕਦਿਆਂ ਵਾਟਾਂ ਮੈਨੂੰ, ਜੁਗੜੇ ਵਿਹਾਏ,
ਕਾਲੇ ਕੁੰਡਲ ਧੁਣ ਧੁਣ ਗੋਰੇ ਗੋਹੜੇ ਬਣਾਏ,
ਏਹੋ ਹਸਰਤ ਦਿਲ ਦੀ, ਤੈਨੂੰ ਲੈ ਗਲ ਲਾਵਾਂ ।
ਦਿਲਬਰ ! ਦਸ ਛਡ, ਤੈਨੂੰ ਕਿਹੜੇ ਵਸਬੀਂ ਰਿਝਾਵਾਂ ?

੨. ਕਦੀ ਆਈ ਊ ਚੇਤੇ ਆਪਣੀ ਜੋਗੀ ਦੀ ਫੇਰੀ ?
ਇਕ ਦਿਨ ਲੰਘਦਿਆਂ ਲੰਘਦਿਆਂ ਝਾਤੀ ਪੈ ਗਈ ਸੀ ਤੇਰੀ,
ਓਸੇ ਵੇਲੇ ਦੀ ਕੁੱਠੀ, ਬੈਠੀ ਔਂਸੀਆਂ ਪਾਵਾਂ,
ਦਿਲਬਰ ! ਦਸ ਛਡ, ਤੈਨੂੰ ਕਿਹੜੇ ਵਸਬੀਂ ਰਿਝਾਵਾਂ ?

੩. ਆਈ ਫਸਲ ਬਹਾਰੀ ਦੁਨੀਆਂ ਵੱਸ ਪਈ ਸਾਰੀ,
ਲਗਰਾਂ ਝੋਲੀਆਂ ਭਰੀਆਂ, ਕਰਨੇ ਮਹਿਕ ਖਿਲਾਰੀ,
ਮੈਨੂੰ ਤੁਧ ਬਿਨ ਜਾਪਣ ਸੱਭੇ ਸੁੰਞੀਆਂ ਥਾਵਾਂ,
ਦਿਲਬਰ ! ਦਸ ਛਡ, ਤੈਨੂੰ ਕਿਹੜੇ ਵਸਬੀਂ ਰਿਝਾਵਾਂ ?

੪. ਜੇ ਕਰ ਆ ਜਾਂਦੋਂ ਏਧਰ, ਕੱਠੇ ਹੋ ਕਿਤੇ ਬਹਿੰਦੇ,
ਘੁੰਡੀਆਂ ਖੋਲ੍ਹਦੇ ਗੁੱਝੀਆਂ, ਦਿਲ ਦੀਆਂ ਸੁਣਦੇ ਤੇ ਕਹਿੰਦੇ,
ਮੈਨੂੰ ਦੇਂਦੋਂ ਦਿਲਾਸਾ, ਤੇਰੀਆਂ ਲੈਂਦੀ ਬਲਾਵਾਂ,
ਦਿਲਬਰ ! ਦਸ ਛਡ, ਤੈਨੂੰ ਕਿਹੜੇ ਵਸਬੀਂ ਰਿਝਾਵਾਂ ?

੫. ਕਿੱਥੇ ਬਹਿ ਰਿਹੋਂ ਜਾ ਕੇ ? ਕਿਸਮਤ ਸੌਂ ਗਈ ਮੇਰੀ,
ਜਿਉਂ ਜਿਉਂ ਚਿਰਕ ਲਗਾਵੇਂ, ਹੋਵੇ ਤਾਂਘ ਲਮੇਰੀ,
ਚਾਤ੍ਰਿਕ ਵਾਂਗ ਅਕਾਸ਼ੇ ਕਰ ਕਰ ਮੂੰਹ ਕੁਰਲਾਵਾਂ,
ਦਿਲਬਰ ! ਦਸ ਛਡ, ਤੈਨੂੰ ਕਿਹੜੇ ਵਸਬੀਂ ਰਿਝਾਵਾਂ ?

-੫-