ਪੰਨਾ:ਕੇਸਰ ਕਿਆਰੀ.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯. ਤੇਰੀ ਯਾਦ.

੧. ਤੜਕਸਾਰ ਊਸ਼ਾ ਦਾ ਲਾਲੀ ਧੁਮਾਣਾ,
ਜ਼ਿਮੀਂਦਾਰ ਦਾ ਖੇਤ ਨੂੰ ਸੇ ਲਗਾਣਾ,
ਜਨੌਰਾਂ ਦਾ ਬਿਰਛਾਂ ਤੇ ਜੁੜ ਜੁੜ ਕੇ ਗਾਣਾ,
ਤੇ ਪਸੂਆਂ ਦਾ ਜੂਹਾਂ ਦੇ ਵਲ ਚਰਨ ਜਾਣਾ,
ਜਦੋਂ ਸਭ ਨੂੰ ਕੁਦਰਤ ਕਮਾਈ ਤੇ ਲਾਵੇ,
ਤਦੋਂ ਹੀ ਅਚਾਨਕ ਤੇਰੀ ਯਾਦ ਆਵੇ ।

੨. ਖਿੜੇ ਕੌਲ ਫੁਲ ਵਰਗੀ ਮੁਟਿਆਰ ਕੋਈ,
ਸਰੂ ਵਾਂਗ ਲੰਮੀ, ਸਲੋਨੀ, ਨਰੋਈ,
ਕਿਸੇ ਛੈਲ ਦੇ ਪ੍ਰੇਮ-ਡੋਰੇ ਪਰੋਈ,
ਦਲੀਜਾਂ ਨੂੰ ਫੜ ਕੇ ਖੜੀ ਹੋਈ ਹੋਈ,
ਜਦੋਂ ਆਏ ਪ੍ਰੀਤਮ ਦਾ ਦਿਲ ਗੁਦਗੁਦਾਵੇ,
ਤਦੋਂ ਹੀ ਅਚਾਨਕ ਤੇਰੀ ਯਾਦ ਆਵੇ ।

੩. ਅਞਾਣਾ ਕੋਈ ਬਾਲ ਜਦ ਮੁਸਕਰਾਵੇ,
ਕਲੀ ਅਧਖਿੜੀ ਵਾਂਗ ਬੁਲੀਆਂ ਹਿਲਾਵੇ,
ਉਛਲ ਕੇ ਅਗ੍ਹਾਂ ਵਲ ਨੂੰ ਬਾਹਾਂ ਵਧਾਵੇ,
ਤੇ ਹਸ ਹਸ ਕੇ ਗਲ ਨਾਲ ਚੰਬੜਦਾ ਜਾਵੇ,
ਮਸੂਮੀ ਮੇਰੇ ਆਤਮਾ ਨੂੰ ਖਿੜਾਵੇ ,
ਤਦੋਂ ਹੀ ਅਚਾਨਕ ਤੇਰੀ ਯਾਦ ਆਵੇ ।

-੧੨-