ਪੰਨਾ:ਕੇਸਰ ਕਿਆਰੀ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩. ਸਾਡਾ ਮੇਲ.

੧. ਜਿੱਥੇ ਦਿਨ ਤੇ ਰਾਤ, ਘੁਲ ਮਿਲ ਜਾਉਂਦੇ,
ਚਾਨਣ ਅਤੇ ਹਨੇਰ, ਪਾਉਣ ਜੱਫੀਆਂ,
ਜਿੱਥੇ ਪਰਬਤ-ਪੈਰ, ਚੁਮ ਚੁਮ ਕੇ ਨਦੀ,
ਮਿੱਠਾ ਮਿੱਠਾ ਰਾਗ, ਗੌਂਦੀ ਲੰਘਦੀ,
ਜਿਵੇਂ ਕੋਈ ਮੁਟਿਆਰ, ਕੁੱਠੀ ਬਿਰਹੁੰ ਦੀ,
ਤਕ ਤਕ ਪਤੀ-ਸਮਾਧ. ਮੱਥੇ ਟੇਕਦੀ ।
ਨਦੀ ਕਿਨਾਰੇ ਓਸ, ਅਤਿ ਰਮਣੀਕ ਤੇ

ਪ੍ਰੀਤਮ ! ਸਾਡਾ ਮੇਲ, ਇਕ ਦਿਨ ਹੋਵਸੀ ।

੨. ਜਦ ਜੀਵਨ ਦੀ ਸ਼ਾਮ, ਬੂਹੇ ਜਰਜਰੇ-
ਪਲਕਾਂ ਵਾਲੇ ਖੋਲ੍ਹ, ਤਕਸੀ ਝਲਕਦੇ-
ਆਸਾਂ ਦੇ ਅੰਬਾਰ, ਵਾਂਗਰ ਤਾਰਿਆਂ,
ਜਿਨ੍ਹਾਂ ਦੇ ਆਧਾਰ, ਜੀਵਨ ਲੰਘਿਆ ।
ਅੰਤ ਸਮੇਂ ਦੀ ਰਾਤ, ਨੇੜੇ ਹੋ ਜਦੋਂ,
ਖੁਲ੍ਹੀਆਂ ਬਾਹਾਂ ਵਧਾਇ, ਵਾਜਾਂ ਮਾਰਦੀ-
ਅਪਣੇ ਵਿਚ ਸਮਾਣ ਨੂੰ ਤੁਲ ਜਾਇਗੀ,

ਪ੍ਰੀਤਮ ! ਸਾਡਾ ਮੇਲ, ਓਦੋਂ ਹੋਵਸੀ ।

-੧੮-