ਪੰਨਾ:ਕੇਸਰ ਕਿਆਰੀ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਘੁੱਪ ਹਨੇਰੀ ਰਾਤ, ਠੱਕਾ ਜ਼ੋਰ ਦਾ,
ਸਿਰ ਟਕਰਾਂਦਾ ਨੀਰ, ਨਾਲ ਚਿਟਾਨ ਦੇ,
ਤੁਰਿਆ ਜਾਂਦਾ ਹੋਗੁ, ਖੌਰੂ ਪਾਉਂਦਾ,
ਬੇੜੀ ਇਕ ਅਨੂਪ, ਉਸ ਦੀ ਹਿੱਕ ਤੇ,
ਡਗਮਗ ਡਗਮਗ ਚਾਲ, ਹਿਲਦੀ ਡੋਲਦੀ,
ਨਦੀ-ਥਪੇੜਾਂ ਚੀਰ, ਕੰਢੇ ਲੱਗ ਕੇ,
ਹੋਣ ਲਈ ਅਸਵਾਰ, ਸੈਨਤ ਮਾਰਸੀ,

ਪ੍ਰੀਤਮ ! ਸਾਡਾ ਮੇਲ, ਓਥੇ ਹੋਵਸੀ ।

੪. ਤੂੰ ਤੇ ਮੈਂ ਚੁਪਚਾਪ, ਬਿਨਾਂ ਪਛਾਣ ਦੇ,
ਹੱਥੀਂ ਫੜੇ ਚਿਰਾਗ਼, ਟਿਮ ਟਿਮ ਕਰ ਰਹੇ,
ਪਾਣੀ ਵਿਚ ਵਗਾਹ, ਕੰਨੀਆਂ ਝਾੜ ਕੇ,
ਪਿਛਲੇ ਪਾਸੇ ਨਾਲ, ਤਿਣਕਾ ਤੋੜਦੇ,
ਬੇੜੀ ਦੀ ਆਗ਼ੋਸ਼, ਮਾਣਨ ਵਾਸਤੇ,
ਬਹਿ ਜਾਵਾਂਗੇ ਆਣ, ਨਾਲ ਅਰਾਮ ਦੇ ।
ਠਿਲ੍ਹ ਪਏਗੀ ਨਾਉ, ਪਰਲੇ ਪਾਰ ਨੂੰ,

ਪ੍ਰੀਤਮ ! ਸਾਡਾ ਮੇਲ, ਓਥੇ ਹੋਵਸੀ ।

੫. ਅੱਖ ਫਰੱਕੇ ਵਾਂਗ, ਬੇੜੀ ਜਾ ਲਗੂ,
ਗ਼ਮ ਫ਼ਿਕਰੋਂ ਆਜ਼ਾਦ, ਕੰਢੇ ਸ਼ਾਂਤ ਦੇ,
ਵਾਦੀ ਬੜੀ ਵਿਸ਼ਾਲ, ਲਹਿ ਲਹਿ ਕਰ ਰਹੀ,
ਸਾਨੂੰ ਲਊ ਬਹਾਲ, ਆਪਣੀ ਹਿੱਕ ਤੇ ।
ਏਨੇ ਨੂੰ ਆਕਾਸ਼, ਚੜ੍ਹਦੇ ਪਾਸਿਓਂ-
ਊਸ਼ਾ ਦਾ ਪਰਕਾਸ਼, ਕੰਨੀਓਂ ਖੋਲ੍ਹਸੀ ।
ਵੱਸੂ ਨਵਾਂ ਜਹਾਨ, ਸਾਡੇ ਸਾਹਮਣੇ,

ਪ੍ਰੀਤਮ ! ਸਾਡਾ ਮੇਲ, ਓਥੇ ਹੋਵਸੀ ।

-੧੯-