ਪੰਨਾ:ਕੇਸਰ ਕਿਆਰੀ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭. ਰਾਹੀ ਨੂੰ

ਰਾਹੀਆ ! ਤੇਰੀ ਮਜ਼ਲ ਹੈ ਕਿੰਨੀ ਦੂਰ ?

੧. ਕਿੱਥੋਂ ਤੁਰਿਓਂ ? ਕਿੱਥੇ ਈ ਜਾਣਾ ?
ਕਦ ਛੋਹਿਆ ? ਕਦ ਸਫ਼ਰ ਮੁਕਾਣਾ ?
ਕਿਸ ਕਿਸ ਥਾਂ ਤੇ ਰਿਹੋਂ ਅਟਕਦਾ ?
ਕਿਸ ਔਝੜ ਵਿਚ ਰਿਹੋਂ ਭਟਕਦਾ ?
ਪਿੰਨੀਆਂ ਤੇਰੀਆਂ ਘੱਟੇ ਭਰੀਆਂ,
ਤੁਰ ਤੁਰ ਹੋਈਆਂ ਚੂਰ,
ਰਾਹੀਆ ! ਤੇਰੀ ਮਜ਼ਲ ਹੈ ਕਿੰਨੀ ਦੂਰ ?

੨. ਰਾਹ ਵਿਚ ਕੋਈ ਨਾ ਮਿਲਿਆ ਦਰਦੀ ?
ਨਾਲ ਨਹੀਂ ਸੀ ਤੇਰੇ ਘਰ ਦੀ ?
ਲੱਭਾ ਨਾ ਕੋਈ ਜੀ-ਪਰਚਾਵਾ ?
ਦਿੱਸਿਆ ਨਾ ਕੋਈ ਬਾਗ਼ ਸੁਹਾਵਾ ?
ਫੁਲ, ਬੂਟੇ, ਹਰਿਆਉਲ, ਰੌਣਕ,
ਨਗਰ ਕੋਈ ਮਸ਼ਹੂਰ ?
ਰਾਹੀਆ ! ਤੇਰੀ ਮਜ਼ਲ ਹੈ ਕਿੰਨੀ ਦੂਰ ?

-੨੪=