ਪੰਨਾ:ਕੇਸਰ ਕਿਆਰੀ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪. ਸ਼ਾਵਾ ਸ਼ੇ !

੧. ਦੁਨੀਆਂ ਦੀ ਦੌੜੋਂ ਪਛੜ ਗਏ-
ਪਾਂਧੀ ! ਹਿੰਮਤ ਨਹੀਂ ਹਾਰੀ ਦੀ,
ਸ਼ੇਰਾਂ ਨੂੰ ਝੁਰਨਾ ਕੀ ਆਖੇ,
ਢੇਰੀ ਨਹੀਂ ਢਾਹੀ ਉਸਾਰੀ ਦੀ ।

੨. ਕਿਸਮਤ ਨੂੰ ਬਹਿ ਬਹਿ ਯਾਦ ਨ ਕਰ,
ਨਾਕਾਮੀ ਦੀ ਫ਼ਰਯਾਦ ਨ ਕਰ,
ਤਾਕਤ ਨੂੰ ਇਉਂ ਬਰਬਾਦ ਨ ਕਰ,
ਹਾਜਤ ਨਹੀਂ ਗਿਲਹ ਗੁਜ਼ਾਰੀ ਦੀ ।

੩. ਜਿਸ ਦਿਲ ਨੂੰ ਪਿਆ ਡੁਲਾਂਦਾ ਹੈਂ,
ਫ਼ਿਕਰਾਂ ਵਿਚ ਗੋਤੇ ਖਾਂਦਾ ਹੈਂ,
ਏਸੇ ਨੂੰ ਰਬ ਨੇ ਸੌਂਪੀ ਹੈ,
ਸਰਦਾਰੀ ਦੁਨੀਆਂ ਸਾਰੀ ਦੀ ।

੪. ਦਿਲ ਊੜਾ ਹੈ ਅਫ਼ਸਾਨੇ ਦਾ,
ਵਰਤਾਵਾ ਹੈ ਮੈਖ਼ਾਨੇ ਦਾ,
ਦਿਲ ਨੇ ਹੀ ਆ ਕੇ ਹਰਕਤ ਵਿਚ,
ਛੇੜੀ ਸੀ ਖੇਡ ਮਦਾਰੀ ਦੀ ।

੫. ਦਿਲ ਮੁਰਦਾ ਰੂਹਾਂ ਜਿਵਾ ਸਕਦਾ ਏ,
ਦਿਲ ਪੱਥਰਾਂ ਨੂੰ ਪੰਘਰਾ ਸਕਦਾ ਏ,
ਦੁਨੀਆਂ ਉਲਟਾ ਪਲਟਾ ਸਕਦਾ ਏ,
ਬਣ ਔਖਧਿ ਹਰ ਬੀਮਾਰੀ ਦੀ ।

-੩੮-