ਪੰਨਾ:ਕੇਸਰ ਕਿਆਰੀ.pdf/73

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬. ਜੀਉਂਦਾ ਰੱਬ.

੧. ਓ ਰਾਮ ਪਿਆਰੇ ! ਓ ਅੱਲਾ ਵਾਲੇ !
ਓ ਸਾਈਂ ਲੋਕਾ ! ਓ ਭੋਲੇ ਭਾਲੇ !
ਤੂੰ ਵਿਚ ਹਨੇਰੇ, ਕੀ ਖੂੰਜਾਂ ਫੋਲੇਂ ?
ਕੀ ਪਾਣੀ ਰਿੜਕੇਂ, ਤੇ ਮੱਖਣ ਟੋਲੇਂ ?
ਕੀ ਰਗੜ ਚਨਾਠੀ, ਪਿਆ ਤਿਲਕ ਲਗਾਵੇਂ ?
ਕਿਸ ਰਬ ਦੇ ਕੰਨਾਂ ਵਿਚ ਸੰਖ ਵਜਾਵੇਂ ?
ਭੁਗਤਾਵੇਂ ਲੇਖੇ ਕੀ ਫੜ ਫੜ ਮਾਲਾ ?
ਕੀ ਜੋਤ ਜਗਾ ਕੇ ਪਿਆ ਕਰੇਂ ਉਜਾਲਾ ?
ਤੂੰ ਰਬ ਨੂੰ ਭਾਲੇਂ ਕਿਉਂ ਵਿਚ ਹਨੇਰੇ ?
ਨਹੀਂ ਉਨ੍ਹ ਸੁਖਾਂਦੇ ਏਹ ਵਲਗਣ ਘੇਰੇ ।
ਉਹ ਤੰਗ ਮਕਾਨੀਂ, ਨਹੀਂ ਲੁਕ ਲੁਕ ਬਹਿੰਦਾ,
ਕਲਬੂਤਾਂ ਅੰਦਰ, ਨਹੀਂ ਤੜਿਆ ਰਹਿੰਦਾ ।
ਉਹ ਜੀਵੇ ਜਾਗੇ, ਤੇ ਹੱਸੇ ਗਾਵੇ,
ਵਿਚ ਖੁਲ੍ਹੇ ਮਦਾਨਾਂ ਦੇ ਰਾਸਾਂ ਪਾਵੇ ।
ਆ ਬਾਹਰ ਚਲ ਕੇ ਇਕ ਝਾਤੀ ਪਾਈਏ,
ਇਸ ਜੀਉਂਦੇ ਰੱਬ ਦਾ ਅਣਦਾਜ਼ਾ ਲਾਈਏ ।

੨. ਤਕ ਅਰਸ਼ੀ ਤੰਬੂ, ਤੇ ਜੜੇ ਸਤਾਰੇ,
ਤਕ ਤ੍ਰੇਲ ਉਤਰ ਕੇ, ਪਈ ਠੰਢ ਪਸਾਰੇ !
ਤਕ ਭਿੰਨੀ ਭਿੰਨੀ ਵਾ ਪੈਲਾਂ ਪਾਂਦੀ,
ਤੇ ਸੁਤੀਆਂ ਕਲੀਆਂ ਨੂੰ ਹੁਣ ਜਗਾਂਦੀ ।
ਤਕ ਚੜ੍ਹਦੇ ਪਾਸੇ, ਪਹੁ ਫੁਟਦੀ ਲਾਲੀ,
ਰਬ ਹਸ ਹਸ ਇਸ ਵਿਚ ਪਿਆ ਦੇਇ ਦਿਖਾਲੀ ।


-੪੨-