ਪੰਨਾ:ਕੇਸਰ ਕਿਆਰੀ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਟੰਗ ਸਹਾਰੇ, ਤਕ ਬਿਰਛ ਖਲੋਤੇ,
ਤਕ ਕੂਲੇ ਪੱਤਰ, ਕਿਆ ਨ੍ਹਾਤੇ ਧੋਤੇ !
ਫੁਲ ਰੰਗ ਬਰੰਗੇ, ਤਕ ਖਿੜ ਖਿੜ ਹਸਦੇ !
ਤਕ ਫਲ ਤੇ ਮੇਵੇ, ਪਏ ਪਕਦੇ ਰਸਦੇ !
ਔਹ ਦੇਖ ਉਚੇਰੇ, ਕੀ ਪੰਛੀ ਗਾਂਦੇ ?
ਇਸ ਜੀਉਂਦੇ ਰਬ ਦੀ, ਪਏ ਸਿਫਤ ਸੁਣਾਂਦੇ !
ਇਹ ਓਸੇ ਰਬ ਨੇ-ਹੈ ਰੌਣਕ ਲਾਈ,
ਤੂੰ ਜਿਸ ਨੂੰ ਲਭਦਾ ਹੋ ਗਿਓਂ ਸੁਦਾਈ ।

੩. ਇਸ ਮੂੰਹ ਹਨੇਰੇ ਤਕ ਪਿੰਡ ਦੀਆਂ ਜੂਹਾਂ,
ਹਲ ਵਾਹੁਣ ਚਲੀਆਂ ਨੀਂ ਰਬ ਦੀਆਂ ਰੂਹਾਂ ।
ਤਕ ਕਿਲ੍ਹਦੇ ਢੱਗੇ, ਭੁਇੰ ਧਸਦੇ ਫਾਲੇ,
ਤੇ ਸ਼ੇਰ ਖ਼ੁਦਾ ਦਾ ਪਿਆ ਚਰਬੀ ਢਾਲੇ ।
ਇਹ ਵਾਹੇ ਬੀਜੇ, ਗਾਹ ਢੇਰ ਲਗਾਵੇ,
ਭਰ ਭਰ ਕੇ ਗੱਡੇ, ਸਭ ਸ਼ਹਿਰ ਪੁਚਾਵੇ ।
ਇਹ ਲਹੂ ਚੁਆ ਕੇ, ਸਭ ਦੁਨੀਆਂ ਪਾਲੇ,
ਪਰ ਆਪ ਨਿਮਾਣਾ, ਨਿਤ ਜੱਫਰ ਜਾਲੇ ।
ਨਾ ਚਜ ਦਾ ਲੀੜਾ, ਨਾ ਚਜ ਦਾ ਖਾਣਾ,
ਪਰਭਾਤੇ ਜਾਣਾ, ਦਿਨ ਲੱਥੇ ਆਣਾ ।
ਪਰ ਜਦ ਭੀ ਵੇਖੋ, ਇਹ ਹਸਦਾ ਗਾਂਦਾ,
ਨਹੀਂ ਝੋਰੇ ਝੁਰਦਾ, ਨਹੀਂ ਚਿੰਤਾ ਲਾਂਦਾ ।
ਇਹ ਸਾਬਰ ਸੀਨਾ ਹੈ ਰਬ ਦਾ ਮੰਦਰ,
ਇਸ ਮੱਥੇ ਉੱਤੇ, ਇਸ ਦਿਲ ਦੇ ਅੰਦਰ,
ਰਬ ਮੂੰਹੋਂ ਬੋਲੇ ਤੇ ਖਿੜ ਖਿੜ ਹੱਸੇ,
ਸਚ ਮੁਚ ਦਾ ਜੀਊਂਦਾ ਰਬ ਏਥੇ ਵੱਸੇ ।

-੪੩-