ਪੰਨਾ:ਕੇਸਰ ਕਿਆਰੀ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪. ਆ ਵੇਖਣ ਚਲੀਏ, ਕੁਝ ਹੋਰ ਅਗੇਰੇ,
ਔਹ ਛਪਰਾਂ ਛੰਨਾਂ ਵਿਚ ਵੇਖ ਪਥੇਰੇ !
ਕੋਈ ਕਹੀ ਚਲਾਵੇ, ਕੋਈ ਪਾਣੀ ਢੋਵੇ,
ਕੋਈ ਇੱਟਾਂ ਪੱਥੇ, ਕੋਈ ਮਿੱਟੀ ਗੋਵੇ ।
ਸਭ ਜੋੜੀ ਜਾਂਦੇ, ਪਾਲਾਂ ਦੀਆਂ ਪਾਲਾਂ,
ਪਹੁ ਫੁਟੀਓਂ ਛੋਂਹਦੇ, ਪਾ ਦੇਣ ਤਿਕਾਲਾਂ ।
ਏਹ ਮਹਿਲ-ਮੁਨਾਰੇ ਸਭ ਏਹੋ ਬਣਾਂਦੇ,
ਪਰ ਆਪ ਉਜਾੜਾਂ ਵਿਚ ਉਮਰ ਲੰਘਾਂਦੇ ।
ਕਿਸਮਤ ਤੇ ਸ਼ਾਕਰ ਰਖ ਸਿਦਕ ਸਬੂਰੀ,
ਖਾ ਰੁੱਖੀ ਮਿੱਸੀ, ਨਿੱਤ ਕਰਨ ਮਜੂਰੀ ।
ਨਾ ਉਚੀਆਂ ਹਿਰਸਾਂ, ਨਾ ਗਿਲਹ ਗੁਜ਼ਾਰੀ,
ਨਾ ਪੋਚਾਪਾਚੀ, ਨਾ ਦੁਨੀਆਂਦਾਰੀ ।
ਨਿਤ ਹਸਦੇ ਮੱਥੇ ਤੇ ਨੂਰ ਇਲਾਹੀ,
ਸੰਤੁਸ਼ਟ ਕਲੇਜਾ ਤੇ ਬੇਪਰਵਾਹੀ ।
ਇਸ ਵਖਰੀ ਦੁਨੀਆਂ ਦਾ ਵੇਖ ਨਜ਼ਾਰਾ,
ਇਸ ਭੋਲੇ ਦਿਲ ਵਿਚ, ਰਬ ਲਿਆ ਉਤਾਰਾ ।

੫. ਆ ਉਰਲੇ ਪਾਸੇ, ਅਸਟੇਸ਼ਨ ਉੱਤੇ,
ਤਕ ਮਿਹਨਤ ਹੁੰਦੀ, ਗਰਮੀ ਦੀ ਰੁੱਤੇ ।
ਔਹ ਤਕ ਦੋ ਗਾਡੀ ਪਏ ਬਿੱਦਾਂ ਢੋਂਦੇ,
ਤਕ ਚਰਬੀ ਢਲਦੀ ਤੇ ਮੁੜ੍ਹਕੇ ਚੋਂਦੇ ।
ਏਹ ਲੱਠੇ ਖਾਸੇ ਤੇ ਗਰੀ ਛੁਹਾਰੇ,
ਸਭ ਲੋਕਾਂ ਜੋਗੇ ਪਏ ਢੋਣ ਵਿਚਾਰੇ ।
ਏਹ ਲਿਆ ਸਕਦੇ ਨੇ, ਪਰ ਪਾ ਨਹੀਂ ਸਕਦੇ,
ਏਹ ਛੁਹ ਸਕਦੇ ਨੇਂ, ਪਰ ਖਾ ਨਹੀਂ ਸਕਦੇ ।

-੪੪-