ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਰੱਬ ਲਾਇਆ ਭਾਗ, ਤੇਰੇ ਬਾਗ਼ ਤੇ ਬਹਾਰ ਆਈ,
ਤਾਰੇ ਵਾਂਗ ਜਾਪੇ ਤੇਰੀ ਗੁੱਡੀ ਅਸਮਾਨ ਵਿਚ,
ਉੱਜਲਾ ਏ ਦੇਸ, ਤੇਰੀ ਜੋਤ ਦੇ ਉਜਾਲੇ ਨਾਲ,
ਸੋਨਾਂ ਨਿੱਤ ਉੱਗੇ ਤੇਰੇ ਖੇਤਰਾਂ ਦੀ ਖਾਨ ਵਿਚ,
ਲੋਹੇ, ਲੂਣ ਬਾਝੋਂ ਦਸ ਹੋਰ ਭੀ ਹੈ ਚੀਜ਼ ਕੋਈ ?
ਪੈਦਾ ਜੋ ਨਾ ਹੋਵੇ ਤੇਰੇ ਆਪਣੇ ਚੁਗਾਨ ਵਿਚ,
ਪੈਂਚਾ ਪਰਮੇਸ਼ਰਾ ! ਇਮਾਨ ਨਾਲ ਸੱਚ ਆਖੀਂ,
ਅਜ ਤੇਰਾ ਸਾਨੀ ਕੋਈ ਹੈਗਾ ਏ ਜਹਾਨ ਵਿਚ ?

੪. ਘਾਲ ਤਾਂ ਹੈ ਪੂਰੇ ਸੋਲਾਂ ਆਨਿਆਂ ਦੀ ਤੇਰੀ, ਪਰ
ਫੁੱਟ ਗਿਆਂ ਲੇਖਾਂ ਉੱਤੇ ਤੇਰਾ ਅਖ਼ਤਿਆਰ ਨਹੀਂ ਊਂ,
ਰਾਜੇ ਤੋਂ ਭਿਖਾਰੀ ਤੀਕ ਖ਼ੈਰ ਤੇਰੀ ਮੰਗਦੇ ਨੇਂ
ਵਿੱਚੋਂ ਪਰ ਸੱਚੀ ਪੁੱਛੇਂ, ਕੋਈ ਤੇਰਾ ਯਾਰ ਨਹੀਂ ਊਂ,
ਤੇਰੀਆਂ ਹੀ ਬੋਟੀਆਂ ਤੇ ਦੰਦ ਹੈਨੀਂ ਸਾਰਿਆਂ ਦੇ,
ਕੋਈ ਤਰਸ ਖਾਣ ਵਾਲਾ ਤੇਰੇ ਤੇ ਤਿਆਰ ਨਹੀਂ ਊਂ,
ਆਪਣੇ ਹੀ ਪੈਰੀਂ ਜਦੋਂ ਉੱਠ ਸੱਕੇਂ, ਉੱਠ ਬਹੀਂ,
ਹੋਰ ਕਿਸੇ ਯਾਰ ਉੱਤੇ ਸਾਨੂੰ ਇਤਬਾਰ ਨਹੀਂ ਊਂ ।

੫. ਕੋਈ ਬਾਹੋਂ ਫੜਨ ਤੇ ਉਠੌਣ ਵਾਲਾ, ਭੋਲਿਆ ਉਇ !
ਤੈਨੂੰ ਇਹ ਜਾਪਦਾ ਏ ਜੱਫਾ ਇਹ ਪਿਆਰਾਂ ਦਾ,
ਤੇਰੇ ਮਿੱਠੇ ਲਹੂ ਉੱਤੇ ਜੋਕਾਂ ਪਈਆਂ ਪਲਦੀਆਂ ਨੇਂ,
ਕਿਨੂੰ ਕੌੜਾ ਲੱਗਦਾ ਏ ਮਾਸ ਜ਼ਿਮੀਦਾਰਾਂ ਦਾ ?
ਤੇਰੇ ਉੱਲੂ ਹੋਣ ਨਾਲ ਉੱਲੂ ਸਿੱਧਾ ਹੋ ਰਿਹਾ ਏ,
ਦੇ ਦੇ ਕੇ ਫੁਲੌਣੀਆਂ ਨਚਾਉਣ ਵਾਲੇ ਯਾਰਾਂ ਦਾ,
ਸੱਜਣ ਤੇ ਵੈਰੀ ਦੀ ਪਛਾਣ ਕਰ ਹੋਸ਼ ਨਾਲ,
ਵੇਖ ਕਿੱਧਰ ਜਾ ਰਿਹਾ ਏ ਪਾਣੀ ਇਨ੍ਹਾਂ ਧਾਰਾਂ ਦਾ ।

-੪੯-