ਪੰਨਾ:ਕੇਸਰ ਕਿਆਰੀ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੩. ਤਰਸੇਵਾਂ.

(ਗੀਤ)

ਦਿਲ ਭੁੱਜਦਾ ਏ ਵਾਂਗ ਕਬਾਬ ਦੇ ।
ਵਧ ਵਧ ਅਗ੍ਹਾਂ ਖਲੋਂਦੇ ਕਿਉਂ ਨਹੀਂ,
ਰਾਠ ਮੇਰੇ ਪੰਜਾਬ ਦੇ ।

੧. ਸੀਤੇ ਗਏ ਲੰਗਾਰ ਨ ਪਾਟੇ,
ਮਜ਼ਲ ਮੇਰੀ ਰਹਿ ਗਈ ਅਧਵਾਟੇ,
ਡੋਲਣ ਲਗ ਪਏ ਖ਼ਾਬ ਸੁਨਹਿਰੀ,
ਕੀ ਬਣਸੀ ਵਕਤ ਹਿਸਾਬ ਦੇ ।

੨. ਘਰ ਨਹੀਂ ਉਣਿਆ ਤੰਦ ਨ ਤਾਣੀ,
ਪਾਰ ਦੁਰਾਡਾ, ਡੂੰਘਾ ਪਾਣੀ,
ਸੁੱਟੀ ਬੈਠੇ ਵੰਝ ਮੁਹਾਣੇ,
(ਅਜੇ) ਕੰਢੇ ਖੜੇ ਸੁਰਾਬ ਦੇ ।

੩. ਰਿਹਾ ਨ ਸਾਹਸਤ ਉਤ੍ਹਾਂ ਚੜ੍ਹਨ ਦਾ,
ਭੁੱਲ ਗਿਆ ਵੱਲ ਤਕਦੀਰ ਘੜਨ ਦਾ,
ਹੱਡੀਂ ਰਚ ਗਈ ਬੇਵਿਸਵਾਸੀ,
ਗਏ ਵਰਕੇ ਉਲਟ ਕਿਤਾਬ ਦੇ ।

੪. ਉਠ ਬਹੁ, ਮੇਰਿਆ ਗੱਭਰੂ ਸ਼ੇਰਾ !
ਅਪਣੇ ਬਲ ਤੇ ਕੋਈ ਕਰ ਜੇਰਾ,
ਭੁਇੰ ਤੇ ਰੁਲਨਾ ਸਹਿ ਨਹੀਂ ਸਕਦੇ,
ਜਿਨ੍ਹਾਂ ਦਾਈਏ ਰਖੇ ਉਕਾਬ ਦੇ ।

--੫੬