ਪੰਨਾ:ਕੇਸਰ ਕਿਆਰੀ.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪. ਕੀ ਹੋਇਆ ?

ਜੇ ਤੂੰ ਬਹੁਤ ਰੁਪਏ ਕਮਾਏ, ਤਾਂ ਕੀ ਹੋਇਆ ?
ਮਹਿਲ ਉਸਾਰੇ, ਬਾਗ਼ ਲੁਆਏ, ਤਾਂ ਕੀ ਹੋਇਆ ?
ਜੇ ਤੂੰ ਹੋ ਗਿਆ ਵਡ ਪਰਵਾਰੀ, ਤਾਂ ਕੀ ਹੋਇਆ ?
ਭਗਤ, ਗਿਆਨੀ, ਸੁਘੜ, ਬਪਾਰੀ, ਤਾਂ ਕੀ ਹੋਇਆ ?
ਬਚਿਆਂ ਨੂੰ ਤਾਲੀਮ ਦਿਵਾਈ, ਤਾਂ ਕੀ ਹੋਇਆ ?
ਸਾਕੀਂ ਅੰਗੀਂ ਸੋਭਾ ਪਾਈ, ਤਾਂ ਕੀ ਹੋਇਆ ?
ਆਪਣਿਆਂ ਨੂੰ ਕੰਮੀਂ ਲਾਇਆ, ਤਾਂ ਕੀ ਹੋਇਆ ?
ਮਣਸਿਆ ਪੂਜਿਆ, ਧਰਮ ਕਮਾਇਆ, ਤਾਂ ਕੀ ਹੋਇਆ ?
ਇਹ ਤਾਂ ਆਮ ਕਹਾਣੀ ਹੋਈ,
ਹੋਰ ਅਨੋਖੀ ਗਲ ਕਰ ਕੋਈ ।
ਭਲਾ ਬਿਗਾਨਿਆਂ ਦਾ ਕੋਈ ਕੀਤਾ ? ਸੋਚ ਰਿਹਾ ਹੈਂ,
ਫੱਟ ਕਲੇਜੇ ਦਾ ਕੋਈ ਸੀਤਾ ? ਸੋਚ ਰਿਹਾ ਹੈਂ,
ਖੁਸ਼ ਕੀਤਾ ਈ ਹਕ ਹਮਸਾਇਆ ? ਸੋਚ ਰਿਹਾ ਹੈਂ,
ਮੁਲਕੀ ਕਾਜ਼ ਲਈ ਕੁਝ ਲਾਇਆ ? ਸੋਚ ਰਿਹਾ ਹੈਂ,
ਵਿਦਯਾ ਦੇ ਪਰਚਾਰ ਲਈ ਕੁਝ ? ਸੋਚ ਰਿਹਾ ਹੈਂ,
ਰੋਗੀਆਂ ਦੇ ਉਪਚਾਰ ਲਈ ਕੁਝ ? ਸੋਚ ਰਿਹਾ ਹੈਂ,
ਉਠਿਆ ਈ ਕੋਈ ਪ੍ਰੇਮ-ਉਛਾਲਾ ? ਸੋਚ ਰਿਹਾ ਹੈਂ,
ਸੀਤਲ ਕੀਤਾ ਈ ਆਲ ਦੁਆਲਾ ? ਸੋਚ ਰਿਹਾ ਹੈਂ,
ਸੋਚਣ ਵਿਚ ਨਾ ਉਮਰ ਗੁਆ ਤੂੰ,
ਭਲੇ ਅਰਥ ਵਲ ਭੀ ਕੁਝ ਲਾ ਤੂੰ ।

-੫੭-