ਪੰਨਾ:ਕੇਸਰ ਕਿਆਰੀ.pdf/91

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੭. ਗ੍ਰਿਹਸਥ ਆਸ਼੍ਰਮ.

੧. ਕੁਦਰਤ ਸੁੰਨ-ਸਮਾਧ ਤੋਂ ਜਦ ਅੱਖ ਉਘੇੜੀ,
ਛੱਟੇ ਮਾਰ ਹਯਾਤ ਦੇ, ਫੁਲਵਾੜੀ ਖੇੜੀ ।
ਅੰਬਰ ਨੂੰ ਲਿਸ਼ਕਾਇਆ, ਧਰਤੀ ਪੁੰਗਰਾਈ,
ਜੀ-ਜੰਤਾਂ ਦੇ ਸੀਨਿਆਂ ਵਿਚ ਜੋਤ ਜਗਾਈ ।
ਉੱਤਮ ਜੂਨ ਮਨੁੱਖ ਨੂੰ ਸਰਦਾਰ ਬਣਾਇਆ,
ਦੀਵਾ ਬਾਲ ਗਿਆਨ ਦਾ ਸਿਰ ਵਿੱਚ ਟਿਕਾਇਆ ।
ਦਿਲ ਵਿਚ ਦਰਦ ਪਿਆਰ ਦੀ ਇਕ ਚਿਣਗ ਭਖਾਈ,
ਅੱਖੀਂ ਦੀਦ ਵਸਾਇ ਕੇ, ਮੂੰਹ ਮਿੱਠਤ ਪਾਈ ।

੨. ਵੇਖ ਵਿਧਾਤਾ ਵੱਸਿਆ, ਸੁਹਜਾਂ ਦਾ ਖੇੜਾ,
ਰੱਬੀ ਕਲਾ ਚਲਾਣ ਨੂੰ, ਇਕ ਦਿੱਤਾ ਗੇੜਾ ।
ਨਰ ਨਾਰੀ ਦੀਆਂ ਜੋੜੀਆਂ ਕਰ ਆਹਰੇ ਲਾਇਆ,
ਪਹਿਲਾ ਜੋੜ ਸੁਲੱਖਣਾ ਦਿਨ ਰਾਤ ਬਣਾਇਆ ।
ਦਿਨ ਨੂੰ ਜੀਵਨ ਸੌਂਪਿਆ, ਉੱਦਮ, ਗਰਮਾਈ,
ਮਿੱਠੀ ਗੋਦ ਅਰਾਮ ਦੀ ਚਾ ਰਾਤ ਬਣਾਈ ।

੩. ਸਾਇਤ ਵੇਖ ਸੁਲੱਖਣੀ ਫਿਰ ਜੋੜ ਜੁੜਾਏ,
ਤੀਵੀਂ ਮਰਦ ਬਹਾਲ ਕੇ ਪੈਮਾਨ ਕਰਾਏ ।
ਹੱਥ ਵਧਾ ਕੇ ਮਰਦ ਨੇ ਲਈ ਜ਼ਿੰਮੇਵਾਰੀ,
ਫੜ ਕੇ ਬਾਂਹ ਸਹਾਇਤਾ ਲਈ ਤੁਰ ਪਈ ਨਾਰੀ ।
ਪ੍ਰੇਮ, ਸਿਦਕ, ਸਤਕਾਰ ਨੇ ਆ ਲੀਤਾ ਵਾਸਾ,
ਦੁਹਾਂ ਦਿਲਾਂ ਵਿਚ ਵਿਤਕਰਾ ਨਾ ਜਾਪੇ ਮਾਸਾ ।
ਸਾਂਝਾ ਦੋਹਾਂ ਤਾਕਤਾਂ ਨੇ ਮਾਰ ਉਛਾਲਾ,
ਔਖੇ ਜੀਉਣ-ਪੰਧ ਨੂੰ ਕਰ ਲਿਆ ਸੁਖਾਲਾ ।

-੬੦-