ਪੰਨਾ:ਕੇਸਰ ਕਿਆਰੀ.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪. ਸੰਗਮ ਜਿਉਂ ਦਿਨ ਰਾਤ ਦਾ ਪਰਭਾਤ ਖਿੜਾਵੇ,
ਕੁਦਰਤ ਭਰ ਭਰ ਝੋਲੀਆਂ, ਮਹਿਕਾਰ ਲੁਟਾਵੇ ।
ਬੋਲੇ ਮੁਰਦਾ ਤੂੰਬੜੀ, ਗਜ਼ ਤਰਬ ਮਿਲਾਇਆਂ,
ਦੋ ਤਾਰਾਂ ਬਿਜਲੀ ਦੀਆਂ ਰਲ ਪਲਟਣ ਕਾਇਆਂ ।
ਗੱਡੀ ਤਿਵੇਂ ਗ੍ਰਿਹਸਥ ਦੀ ਇਤਫਾਕ ਚਲਾਵੇ,
ਏਕਾ ਰੱਬੀ ਬਰਕਤਾਂ ਨੂੰ ਖਿੱਚ ਲਿਆਵੇ ।
ਪ੍ਰੇਮ-ਨਸ਼ੇ ਵਿਚ ਮੱਤਿਆਂ ਨੂੰ ਪੋਹਣ ਨ ਪਾਲੇ,
ਔਘਟ ਘਾਟ ਸਲੂਕ ਥੀਂ ਹੋ ਜਾਣ ਸੁਖਾਲੇ ।

੫. ਸੂਖਮ, ਪੁਤਲੀ ਨੂਰ ਦੀ, ਉਪਕਾਰਣ ਨਾਰੀ,
ਬੂਹੇ ਖੋਲ ਪਿਆਰ ਦੇ, ਸਾਂਭੀ ਦਿਲਦਾਰੀ ।
ਦੁਖੀਏ, ਥੱਕੇ, ਓਦਰੇ ਦਾ ਜੀ ਪਰਚਾਣਾ,
ਆਪੂੰ ਸੇਕ ਸਹਾਰ ਕੇ ਠੰਢਕ ਪਹੁੰਚਾਣਾ ।
ਛਾਤੀ ਠੋਕ ਮਨੁੱਖ ਨੇ ਦਿਲਬਰੀ ਬਨ੍ਹਾਈ,
ਮੇਰੇ ਬੈਠਿਆਂ, ਕਰੀਂ ਨਾ ਤੂੰ ਚਿੰਤਾ ਰਾਈ ।
ਦੁਖ-ਸੁਖ ਝੱਖੜ-ਝੋਲਿਆਂ ਵਿਚ ਸਾਥੀ ਤੇਰਾ,
ਕੋਲ ਖਲੋਤਾ ਸੁਣ ਰਿਹਾ ਪਰਮੇਸ਼ਰ ਮੇਰਾ ।

੬. ਰੱਬ ਦੁਹਾਂ ਵਿਚ ਵੱਸਿਆ ਕੀਤੇ ਸ਼ੁਕਰਾਨੇ,
ਦੁਨੀਆਂ ਸੁਰਗ ਬਣਾਣ ਵਿਚ ਹੋਏ ਮਸਤਾਨੇ ।
ਮਿੱਠਤ, ਸੇਵਾ, ਨਿਮ੍ਰਤਾ, ਨੇਕੀ, ਸਚਿਆਈ,
ਦਯਾ, ਗ਼ਰੀਬੀ, ਪ੍ਰੇਮ ਦੀ ਮਹਿਕਾਰ ਖਿੰਡਾਈ ।
ਕਿਰਤ ਕਮਾਈ ਧਰਮ ਦੀ, ਸਾਈਂ ਤੇ ਡੋਰੀ,
ਸਿਦਕੋਂ ਡੋਲ ਨ ਡਿੱਗਣਾ, ਹੋ ਪੋਰੀ ਪੋਰੀ ।
ਪਰਉਪਕਾਰ ਕਮਾਉਂਦੇ, ਹੋ ਬੇਰੀ ਨੀਵੀਂ,
ਜ਼ੀਨਤ ਬਣੇ ਜਹਾਨ ਦੀ, ਭਰਤਾ ਤੇ ਤੀਵੀਂ ।

-੬੧-