ਪੰਨਾ:ਕੇਸਰ ਕਿਆਰੀ.pdf/99

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੧. ਸਾਉਣ.

(ਗੀਤ)

ਉਠ ਕੇ ਛੇੜ ਸਤਾਰ, ਜੋਗਣੇ ! ਉਠ ਕੇ ਛੇੜ ਸਤਾਰ ।
ਸਹਿਕ ਸਹਿਕ ਕੇ ਸਾਵਣ ਆਇਆ, ਛੋਹ ਦੇ ਦੇਸ ਮਲ੍ਹਾਰ, ਜੋਗਣੇ !

੧. ਕਾਲਾ ਕਟਕ ਘਟਾਂ ਦਾ ਆਇਆ,
ਘੁੱਪ ਹਨੇਰਾ ਚੁਪਾਸੀਂ ਛਾਇਆ,
ਮਸਤੇ ਮੋਰਾਂ ਸ਼ੋਰ ਮਚਾਇਆ,
ਛਿੜੀ ਬਰੀਕ ਫੁਹਾਰ,
ਜੋਗਣੇ ! ਉਠ ਕੇ ਛੇੜ ਸਤਾਰ ।

੨. ਰਜ ਰਜ, ਗਜ ਗਜ ਬੱਦਲ ਵਰ੍ਹਿਆ,
ਜੰਗਲ ਬੇਲਾ ਹੋ ਗਿਆ ਹਰਿਆ,
ਜੱਟ ਦਾ ਵੇਖ ਕਲੇਜਾ ਠਰਿਆ,
ਬੇੜਾ ਹੋ ਗਿਆ ਪਾਰ,
ਜੋਗਣੇ ! ਉਠ ਕੇ ਛੇੜ ਸਤਾਰ ।

੩. ਘਾਹ ਨੇ ਧਰਤੀ ਨੂੰ ਢਕ ਲੀਤਾ,
ਬੂਟਿਆਂ ਵੇਸ ਨਵਾਂ ਅੱਜ ਕੀਤਾ,
ਲਗਰਾਂ ਪ੍ਰੇਮ-ਨਸ਼ਾ ਕੋਈ ਪੀਤਾ,
ਝੂਮਣ ਧੌਣ ਉਲਾਰ,
ਜੋਗਣੇ ! ਉਠ ਕੇ ਛੇੜ ਸਤਾਰ ।

੪. ਬਾਗ਼ਾਂ ਦੇ ਵਿਚ ਜੁੜੀਆਂ ਸਈਆਂ,
ਅੰਬਾਂ ਥੱਲੇ ਪੀਂਘਾਂ ਪਈਆਂ,
ਜੋਬਨ ਵਿਚ ਠਾਠਾਂ ਆ ਗਈਆਂ,
ਖੁਲ ਗਿਆ ਹੁਸਨ-ਬਜ਼ਾਰ,
ਜੋਗਣੇ ! ਉਠ ਕੇ ਛੇੜ ਸਤਾਰ ।

-੬੮-