ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(16)

ਵਿਚਾਰੀ ਨੂੰ ਕਦਮ ਤੁਰਨਾ ਤੇ ਗਿੱਚੀ ਫੇਰਨੀ ਇੱਕ ਔਖ ਹੋ ਜਾਂਦਾ ਸੀ। ਅਜੇਹੀ ਸਜੀ ਸਜਾਈ ਨਾਰ ਨੂੰ ਜੋ ਕੋਈ ਹਿੱਕ ਨਾਲ ਲਾਵੇ ਤਾਂ ਗੈਹਨਿਆਂ ਅਰ ਕੱਪੜਿਆਂ ਦੀ ਚੋਭ ਤੋਂ ਛੁੱਟ ਕੀ ਸਵਾਦ ਪਾਵੇ। ਉਹ ਸਮਾਂ ਸੀ ਜਦ ਏਹ ਗੱਲਾਂ ਸ਼ੋਭਦੀਆਂ ਸਨ। ਅੱਜ ਕੱਲ ਸਮਾ ਬਦਲ ਗਿਆ। ਹੁਨ ਨਾਜ਼ਕ ਨਾਰੀਆਂ ਨੂੰ ਨਾਜ਼ਕ ਗਹਣੇ ਤੇ ਕਪੜੇ ਲੋੜੀਏ! ਹੁਨ ਭਾਰ ਨਾਲ ਗੱਦੋਂ ਵਾਂਗ ਲੱਦਨ ਦੀ ਲੋੜ ਨਹੀਂ। ਏਹੀ ਹਾਲ ਅੱਜਕੱਲ ਦੀ ਕਵਤਾ ਦਾ ਹੈ। ਓਹ ਸਮਾਂ ਜਦ (ਮੁਬਾਲਗੇ) ਚੀਚੀ ਦਾ ਪਹਾੜ ਕਰਨਾ ਤੇ ਇਸਤਆਰੇ (Metaphor) ਜ਼ਿਲਾ ਜੁਗਤ ਨਾਲ ਕਵੀ ਅਪਨੀ ਕਵਤਾ ਨੂੰ ਲੱਦ ਦੇਂਦੇ ਸਨ, ਅਰ ਚੀਚੀ ਦਾ ਪਹਾੜ ਬਨਾਂਦੇ ਸਨ। ਇੱਕ ਜੋਂ ਜਿੰਨੇ ਖਿਆਲ ਨੂੰ ਤੂੜੀ ਦੇ ਢੇਰ ਹੇਠ ਲੁਕਾਂਦੇ ਸਨ। ਹੁਨ ਉਹ ਗੱਲ ਨਹੀਂ ਰਹੀ। ਹੁਨ ਸਾਨੂੰ ਇੱਕ ਖਿਆਲ ਨੂੰ ਚੋਨਵੇਂ ਪਦਾਂ ਵਿੱਚ ਇਸ ਤਰਾਂਹ ਦੱਸਨਾ ਲੋੜੀਏ ਜੋ ਸੁਨਣ ਵਾਲੇ ਦੇ ਚਿੱਤ ਵਿੱਚ ਘਰ ਕਰ ਜਾਏ। ਸੁਨਦੇ ਸਾਰ ਈ ਅਸਰ ਹੋ ਜਾਵੇ। ਜੇ ਇੱਕ ਤੁੱਕ ਸੁਨ ਉਸਦੇ ਅਰਥ ਕੱਢਨ ਲਈ ਸੋਚ ਦੀ ਲੋੜ, ਅਰ ਕੋਸ਼ ਫੋਲਨਾ ਪਿਆ, ਤਾਂ ਕਵਤਾ ਦਾ ਸਵਾਦ ਕੀ ਰਿਹਾ। ਇੱਕ ਬੁਝਾਰਤ ਹੋਈ, ਜੀ ਪਰਚਾਵਾ ਕੀ, ਸਿੱਰ ਖਪਾਵਾ ਬਨ ਗਈ। ਏਸ ਗੱਲ ਨੂੰ ਚੰਗੀ ਤਰਾਂਹ ਸਮਝਾਨ ਲਈ ਕਵਤਾ ਦੀ ਵਨਗੀ ਲਿਖਦੇ ਹਾਂ, ਸੋਚੋ ਤੇ ਮਸਾਂ ਸਮਝ ਆਵੇ:—

ਨਿਜ ਜਨੀ ਜਿਨ ਜਨੀ ਤੱਤੀ ਨੇ, ਬਖਤ ਪੱਟੀ ਬੁੱਤ ਚੀਨੀ।
ਸ਼ਬ ਖੇਜ਼ੀ ਬੇ ਚੈਨੀ ਤੇਜ਼ੀ ਜੈਂ ਤਨ ਨਕਸ਼ ਜਬੀਨੀ॥

ਮੌ: ਗੁਲਾਮ ਰਸੂਲ

ਕੁਦਰਤੀ ਜਾਂ ਨੇਚਰਲ ਕਵਿਤਾ

ਇਸ ਦਾ ਮਤਲਬ ਏਹ ਈ ਨਹੀਂ ਕਿ ਪਹਾੜਾਂ ਜੰਗਲਾਂ, ਦਰ੍ਯਾ ਆਦ ਦੇ ਦਰਸ਼ਨਾਂ ਤੇ ਜੋ ਕਵਤਾ ਫੁਰਦੀ ਹੈ ਉਹੀ ਕੁਦਰਤੀ ਹੈ। ਪਰ ਇਸ ਤੋਂ ਛੁਟ ਹੋਰ ਵੀ ਜਿਸ ਕਵਤਾ ਵਿੱਚ ਮੁਬਾਲਗ਼ਾ ਤੇ ਤਸ਼ਵੀਹ ਦਾ ਰੰਗ ਨਾਂ ਮਿਲਾਇਆ ਗ੍ਯਾ ਹੋਵੇ। ਇੱਕ ਵਸਤੂ ਨੂੰ ਜੇਹੀ ਉਹ ਦਿਸਦੀ ਹੈ ਉਜੇਹਾ ਈ ਦੱਸ੍ਯਾ ਜਾਏ, ਤਾਂ ਕਵਤਾ ਨੇਚਰਲ ਜਾਂ ਕੁਦਰਤੀ ਹੁੰਦੀ ਹੈ। ਪੰਜਾਬੀ ਵਿੱਚ ਨੇਚਰਲ ਕਵਤਾ ਦਾ ਜ਼ੋਰ ਹੈ।